ਪਟਿਆਲਾ, 27 ਨਵੰਬਰ – ਪੰਜਾਬੀ ਯੂਨੀਵਰਸਿਟੀ ਦਸੰਬਰ ਦੇ ਪਹਿਲੇ ਹਫ਼ਤੇ ਦੌਰਾਨ ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ। 2 ਅਤੇ 3 ਦਸੰਬਰ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਨਾਮਵਰ ਕਵੀ ਯੂਨੀਵਰਸਿਟੀ ਦੇ ਵਿਹੜੇ ਆਪਣਾ ਕਲਾਮ ਪੇਸ਼ ਕਰਨਗੇ।
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਸਹਿਯੋਗ ਨਾਲ ਸੰਗਤ ਪੰਜਾਬ, ਚੇਅਰ ਪੋਇਟਰੀ ਈਵਨਿੰਗਜ਼ ਕੋਲਕਾਤਾ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਦੂਜਾ ‘ਚੇਅਰ ਪੋਏਟਰੀ ਸੰਗਤ ਅੰਤਰ-ਰਾਸ਼ਟਰੀ ਕਵਿਤਾ ਉਤਸਵ’ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਿਰਕਤ ਕਰਨ ਲਈ ਕਈ ਨਾਮਵਰ ਸ਼ਾਇਰ ਪੁੱਜ ਰਹੇ ਹਨ।
ਫ਼ਰਾਂਸ ਦੇ ਕਵੀ ਮੈਲੇਨੀ ਲੈਬਲਾਂ, ਨੀਦਰਲੈਂਡ ਤੋਂ ਕੀਰਾ ਵੁੱਕ, ਤਿੱਬਤ ਤੋਂ ਤੇਨਜ਼ਿੰਗ ਸੁੰਦੇਅ ਅਤੇ ਨੇਪਾਲ ਤੋਂ ਕੇਵਲ ਬਿਨਾਬੀ ਇਸ ਕਵਿਤਾ ਉਤਸਵ ਵਿੱਚ ਸ਼ਿਰਕਤ ਕਰ ਰਹੇ ਹਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚਲੇ ਕਵੀਆਂ ਦੀ ਸੂਚੀ ਵਿੱਚ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਸੌਨੇਟ ਮੌਂਡਲ, ਨਵੀਂ ਦਿੱਲੀ ਤੋਂ ਸਰਬਜੀਤ ਗਰਚਾ, ਰਾਜਸਥਾਨ ਤੋਂ ਪ੍ਰਿਆਮਵਦਾ ਸਿੰਘ ਇਲਹਾਨ, ਸ਼ਿਲੌਂਗ ਤੋਂ ਰੌਬਿਨ ਙੋਙਾਂਙ, ਕੇਰਲਾ ਦੇ ਕੋਚੀ ਤੋਂ ਪੀ. ਰਮਨ, ਬਿਹਾਰ ਦੇ ਪਟਨਾ ਤੋਂ ਰਾਕੇਸ਼ ਰੰਜਨ, ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਅੰਸ਼ੂਮਨ ਕਰ,
ਝਾਰਖੰਡ ਤੋਂ ਨਿਰਮਲਾ ਪੁਤੁਲ ਮੁਰਮੂ, ਰਾਜਸਥਾਨ ਤੋਂ ਚੰਦਰ ਪ੍ਰਕਾਸ਼ ਦੇਵਲ, ਦਿੱਲੀ ਤੋਂ ਅਦਨਾਨ ਕਫ਼ੀਲ ਦਰਵੇਸ਼, ਪੰਜਾਬ ਦੇ ਲੁਧਿਆਣਾ ਤੋਂ ਮੁਕੇਸ਼ ਆਲਮ, ਹਰਿਆਣਾ ਦੇ ਅੰਬਾਲਾ ਤੋਂ ਪਾਲ ਕੌਰ, ਫ਼ਿਰੋਜ਼ਪੁਰ ਤੋਂ ਗੁਰਤੇਜ ਕੋਹਾਰਵਾਲਾ, ਅੰਮ੍ਰਿਤਸਰ ਤੋਂ ਬਿਪਨਪ੍ਰੀਤ, ਮਾਨਸਾ ਤੋਂ ਗੁਰਪ੍ਰੀਤ, ਅੰਮ੍ਰਿਤਸਰ ਤੋਂ ਅੰਬਰੀਸ਼, ਮੋਗਾ ਤੋਂ ਅਜੀਤਪਾਲ ਜਟਾਣਾ, ਆਨੰਦਪੁਰ ਸਾਹਿਬ ਤੋਂ ਅਨੂ ਬਾਲਾ, ਬਠਿੰਡਾ ਤੋਂ ਨੀਤੂ, ਚੰਡੀਗੜ੍ਹ ਤੋਂ ਰਮਨ ਸੰਧੂ, ਪਟਿਆਲਾ ਤੋਂ ਨਰਿੰਦਰਪਾਲ ਕੌਰ, ਅੰਮ੍ਰਿਤਸਰ ਤੋਂ ਕਮਲਪ੍ਰੀਤ ਸਿੰਘ, ਪਟਿਆਲਾ ਤੋਂ ਸੰਤੋਖ ਸਿੰਘ ਸੁੱਖੀ, ਮਲੋਟ ਤੋਂ ਸੁਖਦੇਵ ਮਠਾੜੂ, ਪਟਿਆਲਾ ਤੋਂ ਸੁਖਵਿੰਦਰ ਸੁੱਖੀ ਸ਼ਾਮਿਲ ਹਨ।
ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਈ.ਐੱਮ.ਆਰ.ਸੀ. ਡਾਇਰੈਕਟਰ ਦਲਜੀਤ ਅਮੀ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਅਤੇ ਕਵਿਤਾ ਉਤਸਵ ਦੇ ਡਾਇਰੈਕਟਰ ਸਹਿਜਮੀਤ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੇ ਦਿਨ ‘ਕਾਵਿ-ਸੱਥ’ ਸਿਰਲੇਖ ਤਹਿਤ ਆਰਟਸ ਬਲੌਕ ਪੰਜ ਵਿੱਚ ਪੰਜਾਬੀ ਵਿਭਾਗ ਦੇ ਸਾਹਮਣੇ ਸ਼ਾਮ ਨੂੰ ਛੇ ਵਜੇ ਕਵੀ ਆਪਣਾ ਕਲਾਮ ਸਾਂਝਾ ਕਰਨਗੇ। ਅਗਲੇ ਦਿਨ ਤਿੰਨ ਦਸੰਬਰ ਨੂੰ ਸਾਇੰਸ ਆਡੀਟੋਰੀਅਮ ਵਿਖੇ ਸਵੇਰੇ 11 ਵਜੇ ਸਮਾਗਮ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਕਾਵਿਕ ਆਭਾ ਵਾਲ਼ੇ ਮਾਹੌਲ ਵਿੱਚ ਸਾਰੇ ਕਵੀ ਆਪੋ ਆਪਣੀ ਮਾਂ-ਬੋਲੀ ਬੋਲਦੇ ਹੋਏ ਮੂਲ ਭਾਸ਼ਾ ਵਿੱਚ ਰਚਨਾਵਾਂ ਪੇਸ਼ ਕਰਨਗੇ। ਦਰਸ਼ਕਾਂ ਦੀ ਸਹੂਲਤ ਅਨੁਸਾਰ ਮਾਹਿਰਾਂ ਵੱਲੋਂ ਇਨ੍ਹਾਂ ਰਚਨਾਵਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਤਰਜਮਾ ਪੇਸ਼ ਕੀਤਾ ਜਾਵੇਗਾ। ਇਸ ਉਤਸਵ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਉਤਸਵ ਦੌਰਾਨ ਵਿਚਰਦੇ ਅੰਤਰ-ਰਾਸ਼ਟਰੀ ਪੱਧਰ ਦੇ ਇਨ੍ਹਾਂ ਕਵੀਆਂ ਨਾਲ ਵਿਦਿਆਰਥੀਆਂ ਅਤੇ ਕਵਿਤਾ ਪ੍ਰੇਮੀਆਂ ਵੱਲੋਂ ਗ਼ੈਰ ਰਸਮੀ ਸੰਵਾਦ ਵੀ ਰਚਾਇਆ ਜਾਂਦਾ ਹੈ।