ਪਟਿਆਲਾ, 24 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਫ਼ਿਲਮ ਨਿਰਮਾਣ ਦੇ ਵਿਸ਼ੇ ਉੱਤੇ ਚਾਰ ਦਿਨਾ ਵਰਕਸ਼ਾਪ ਕਰਵਾਈ ਗਈ।
ਵਿਭਾਗ ਮੁਖੀ ਡਾ. ਅਮਨਪ੍ਰੀਤ ਰੰਧਾਵਾ ਨੇ ਦੱਸਿਆ ਕਿ ਫ਼ਿਲਮ ਨਿਰਮਾਣ ਖੇਤਰ ਦੇ ਵੱਖ-ਵੱਖ ਮਾਹਿਰਾਂ ਵੱਲੋਂ ਵਿਸ਼ੇ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ
ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਸ੍ਰੀ ਚੰਦਰ ਕੰਬੋਜ ਨੇ ਆਪਣੇ ਸਿਨੇਮਾ ਦੇ ਪੇਸ਼ੇਵਰ ਸਫ਼ਰ ਸਬੰਧੀ ਕੀਮਤੀ ਅਨੁਭਵ ਵਿਦਿਆਰਥੀਆਂ ਨਾਲ਼ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਅੱਜ ਦਾ ਫ਼ਿਲਮ ਨਿਰਮਾਣ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਵਪਾਰਕ ਹੋ ਚੁੱਕਿਆ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਮਕਾਲੀ ਫ਼ਿਲਮ ਕਹਾਣੀਆਂ ਨੂੰ ਦਰਸ਼ਕਾਂ ਦੀ ਪਸੰਦ ਨਾਲ਼ ਜੋੜਨਾ ਜ਼ਰੂਰੀ ਹੈ। ਉਨ੍ਹਾਂ ਆਪਣੇ ਲੇਖਕ ਤੇ ਨਿਰਦੇਸ਼ਕ ਵਜੋਂ ਕੁਝ ਕੰਮ ਵੀ ਦਿਖਾਏ, ਜਿਸ ਨਾਲ ਵਿਦਿਆਰਥੀਆਂ ਨੂੰ ਫ਼ਿਲਮ ਨਿਰਮਾਣ ਦੀ ਸਿਰਜਣਾਤਮਕ ਤੇ ਤਕਨੀਕੀ ਪ੍ਰਕਿਰਿਆ ਦੀ ਝਲਕ ਮਿਲੀ।
ਦੂਜੇ ਦਿਨ ਵਿਭਾਗ ਦੇ ਸਾਬਕਾ ਵਿਦਿਆਰਥੀ ਤੇ ਮਸ਼ਹੂਰ ਨਿਰਦੇਸ਼ਕ-ਲੇਖਕ ਜੱਸੀ ਮਾਨ ਨੇ ਫ਼ਿਲਮ ਨਿਰਮਾਣ ਦੇ ਤਿੰਨ ਮੁੱਢਲੇ ਪੜਾਅ – ਪ੍ਰੀ-ਪ੍ਰੋਡਕਸ਼ਨ, ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ – ਬਾਰੇ ਵਿਸਥਾਰ ਨਾਲ਼ ਦੱਸਿਆ। ਉਨ੍ਹਾਂ ਨੇ ਸਮਝਾਇਆ ਕਿ ਹਰ ਪੜਾਅ ’ਤੇ ਸਾਵਧਾਨੀਪੂਰਵਕ ਯੋਜਨਾਬੰਦੀ, ਤਕਨੀਕੀ ਸਮਝ ਅਤੇ ਸਿਰਜਣਾਤਮਕ ਫ਼ੈਸਲੇ ਕਿਵੇਂ ਕਹਾਣੀ ਨੂੰ ਸਕ੍ਰੀਨ ’ਤੇ ਅਸਲ ਤੇ ਦਿਲਚਸਪ ਬਣਾਉਂਦੇ ਹਨ।
ਆਖ਼ਰੀ ਦਿਨ ਨੂੰ ਸ੍ਰੀ ਪਰਵੀਨ ਕੁਮਾਰ ਨੇ ਆਪਣੇ ਪੇਸ਼ੇਵਰ ਸਫ਼ਰ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਫ਼ਿਲਮ ਇੰਡਸਟਰੀ ਵਿੱਚੋਂ ਆਪਣੇ ਅਨੁਭਵਾਂ ਦੀਆਂ ਵਿਹਾਰਕ ਮਿਸਾਲਾਂ ਦਿੱਤੀਆਂ।
ਸੈਸ਼ਨ ਸਮਾਪਤੀ ਮੌਕੇ ਡਾ. ਹੈਪੀ ਜੇਜੀ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।