ਮਾਤਾ ਕੌਸ਼ਲਿਆ ਹਸਪਤਾਲ ਵਿੱਚ ਵਿਸ਼ਵ ਨਿਮੋਨੀਆ ਦਿਵਸ ਸਬੰਧੀ ਲਗਾਇਆ ਗਿਆ ਕੈਂਪ

ਪਟਿਆਲਾ 12 ਨਵੰਬਰ – ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਪਟਿਆਲਾ ਡਾ. ਸੰਜੇ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਪਟਿਆਲਾ ਵੱਲੋਂ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿੱਲ ਦੀ ਅਗਵਾਈ ਹੇਠ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਬਾਲ ਵਿਭਾਗ ਦੇ ਓਪੀਡੀ ਵਿੰਗ ਵਿੱਚ ‘ਚਾਇਲਡ ਸਰਵਾਈਵਲ’ ਥੀਮ ਤਹਿਤ ਵਿਸ਼ਵ ਨਿਮੋਨੀਆ  ਦਿਵਸ ਮਨਾਇਆ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ.ਕੁਸ਼ਲਦੀਪ ਗਿੱਲ ਨੇ ਕਿਹਾ ਕਿ ਨਿਮੋਨੀਆ  ਇੱਕ ਗੰਭੀਰ ਬਿਮਾਰੀ ਹੈ ਇਸ ਪ੍ਰਤੀ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ,ਬੱਚਿਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਬਹੁਤ ਜਰੂਰੀ ਹੈ। ਬੱਚੇ ਨੂੰ ਕਿਸੇ ਕਿਸਮ ਦਾ ਬੁਖਾਰ, ਖਾਂਸੀ, ਜ਼ੁਕਾਮ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਵਿੱਚ ਪਹੁੰਚਣਾ ਤੇ ਮਾਹਰ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਬਹੁਤ ਜਰੂਰੀ ਹੈ।

ਛੋਟੇ ਬੱਚਿਆਂ ਦੀ ਜ਼ੁਕਾਮ ਅਤੇ ਫਲੂ ਵਾਲੇ ਵਿਅਕਤੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਨਿਮੋਨੀਆ  ਵਾਲੇ ਮਰੀਜ਼ ਦੇ ਕਿਟਾਣੂ ਸਾਹ ਰਾਹੀਂ ਦੂਜੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੇ ਹਨ। ਆਪਣੇ ਆਲੇ ਦੁਆਲੇ ਅਤੇ ਹੱਥਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਬੱਚਿਆਂ ਦੇ ਮਾਹਰ ਡਾ. ਨੇਹਾ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਮੋਨੀਆ  ਇੱਕ ਸਾਂ ਦੀ ਲਾਗ ਨਾਲ ਹੋਣ ਵਾਲੀ ਬਿਮਾਰੀ ਹੈ ਜੋ ਕਿ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ।

ਨਿਮੋਨੀਆ ਵਾਇਰਸ ਬੈਕਟੀਰੀਆ ਅਤੇ ਫੰਜਾਈ ਸਮੇਤ ਬਹੁਤ ਸਾਰੇ ਸ਼ੂਤ ਵਾਲੇ ਕਿਟਾਣੂ  ਕਾਰਨ ਹੁੰਦਾ ਹੈ। ਨਿਮੋਨੀਆ ਦੇ ਮੁੱਖ ਲੱਛਣ ਸਾਹ ਲੈਣ ਜਾਂ ਖੰਗਣ ਵੇਲੇ ਛਾਤੀ ਵਿੱਚ ਦਰਦ ਹੋਣਾ, ਹਰੇ ਜਾਂ ਪੀਲੇ ਰੰਗ ਦੀ ਬਲਗਮ ਆਉਣਾ , ਥਕਾਵਟ , ਬੁਖਾਰ ,ਪਸੀਨਾ ਆਉਣਾ, ਸਾਹ ਚੜਨਾ ਆਦ ਹੁੰਦੇ ਹਨ। ਇਹ ਰੋਕਥਾਮ ਯੋਗ ਅਤੇ ਇਲਾਜ ਯੋਗ ਬਿਮਾਰੀ ਹੋਣ ਦੇ ਬਾਵਜੂਦ ਪੰਜ ਸਾਲ ਤੋਂ ਘੱਟ ਬੱਚਿਆਂ ਦੀਆਂ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਸ ਲਈ ਬੱਚਿਆਂ ਨੂੰ ਜਨਮ ਤੋਂ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ।

ਬਦਲਦੇ ਮੌਸਮ ਵਿੱਚ ਬੱਚੇ ਦੇ ਸਰੀਰ ਨੂੰ ਗਰਮ ਉਨੀ ਕੱਪੜਿਆਂ ਨਾਲ ਢੱਕ ਕੇ ਸਰਦੀ ਤੋਂ ਬਚਾਉਣਾ , ਬੱਚਿਆਂ ਨੂੰ ਜਮੀਨ ਤੇ ਨੰਗੇ ਪੈਰੀ ਨਾ ਚੱਲਣ ਦੇਣਾ ਤੇ ਘਰ ਵਿਚ ਵੀ ਧੂੰਆ ਆਦਿ ਨਾ ਹੋਣ ਦੇਣਾ, ਸੰਪੂਰਨ ਟੀਕਾਕਰਨ , ਸਾਫ ਪੀਣ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਸਾਲ 12 ਨਵੰਬਰ ਨੂੰ ਇਹ ਦਿਨ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਇਸ ਮੌਕੇ ਮੈਡੀਕਲ ਅਫਸਰ ਡਾ. ਜਤਿੰਦਰ ਕੌਰ ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਤੇ ਜਸਜੀਤ ਕੌਰ, ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ , ਬੀ.ਈ.ਈ ਸ਼ਾਨ ਜਫਰ , ਕੰਪਿਊਟਰ ਆਪਰੇਟਰ ਗੀਤਾ ਰਾਣੀ ,ਬਿੱਟੂ ਅਤੇ ਗੁਰਪ੍ਰੀਤ ਆਦਿ ਹਾਜ਼ਰ ਰਹੇ।

Scroll to Top