ਪਟਿਆਲਾ 10 ਨਵੰਬਰ – ਸਿਵਲ ਸਰਜਨ ਪਟਿਆਲਾ ਡਾ. ਸੰਜੇ ਕਾਮਰਾ ਵੱਲੋਂ ਡੇਂਗੂ ਪ੍ਰਭਾਵਿਤ ਇਲਾਕੇ ਸਨੌਰ ਦੇ ਧਰਮਕੋਟ ਪਿੰਡ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਡੇਂਗੂ ਵਿਰੋਧੀ ਗਤੀਵਿਧੀਆਂ ਦਾ ਨਿਰੀਖਣ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਜੈਦੀਪ ਭਾਟੀਆ ਵੱਲੋਂ ਸਿਹਤ ਟੀਮਾਂ ਵੱਲੋਂ ਕੀਤੇ ਗਏ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਹਨਾਂ ਨਾਲ ਮਿਉਸੀਪਲ ਕਮੇਟੀ ਸਨੌਰ ਦਾ ਸਟਾਫ ਵੀ ਮੌਜੂਦ ਸੀ ਜਿਨਾਂ ਨੂੰ ਰੁਕੀਆਂ ਹੋਈਆਂ ਨਾਲੀਆਂ ਦੀ ਸਫਾਈ ਅਤੇ ਫੋਗਿੰਗ ਦੇ ਨਿਰਦੇਸ਼ ਦਿੱਤੇ ਗਏ। ਡੇਂਗੂ ਪ੍ਰਭਾਵਤ ਏਰੀਏ ਦੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਗਈ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ 107 ਘਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਇਸ ਮੌਕੇ 1 ਥਾਂ ਉੱਪਰ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ।
ਡਾ. ਸੰਜੇ ਕਾਮਰਾਂ ਵੱਲੋਂ ਦੱਸਿਆ ਗਿਆ ਕਿ ਡੇਂਗੂ ਦੀ ਸਥਿਤੀ ਵਿੱਚ ਸੁਧਾਰ ਆ ਰਿਹਾ ਹੈ ਪਰ ਫਿਰ ਵੀ ਮੱਛਰ ਕੱਟਣ ਤੋਂ ਬਚਾਅ ਲਈ ਆਲ ਆਉਟ ਵਰਗੇ ਮੋਸਕਿਟੋ ਰਿਪੇਲੇਨਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਸਲਾਹ ਦਿੱਤੀ ਕਿ ਸ਼ਰੀਰ ਨੂੰ ਢਕਣ ਵਾਲੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ। ਇਸ ਮੌਕੇ ਸਿਵਲ ਸਰਜਨ ਵੱਲੋਂ ਆਮ ਆਦਮੀ ਕਲੀਨਿਕ ਸਨੌਰ ਦਾ ਵੀ ਨਿਰੀਖਣ ਕੀਤਾ ਗਿਆ। ਉਹਨਾਂ ਇਸ ਮੌਕੇ ਦਵਾਈਆਂ, ਸਾਜੋ ਸਮਾਨ ਅਤੇ ਸਟੋਰ ਦੀ ਜਾਂਚ ਕੀਤੀ।
ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਓ.ਪੀ.ਡੀ ਵਿੱਚ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਆਮ ਆਦਮੀ ਕਲੀਨਿਕ ਵਿੱਚ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਓ.ਪੀ.ਡੀ ਵਿੱਚ ਬੁਖਾਰ ਜਾਂ ਸ਼ੱਕੀ ਡੇਂਗੂ ਮਰੀਜ਼ਾਂ ਦੀ ਕੋਈ ਜਿਆਦਾ ਗਿਣਤੀ ਸਾਹਮਣੇ ਨਹੀਂ ਆ ਰਹੀ। ਜਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ ਨੇ ਟੀਮਾਂ ਦੇ ਕੀਤੇ ਸਰਵੇ ਅਤੇ ਏਰੀਏ ਦਾ ਨਿਰੀਖਣ ਕੀਤਾ। ਇਸ ਮੌਕੇ ਸਬੰਧਿਤ ਏਰੀਏ ਦੇ ਸੁਪਰਵਾਈਜ਼ਰ, ਵਰਕਰ ਅਤੇ ਆਸ਼ਾ ਵਰਕਰ ਮੌਜੂਦ ਸਨ।