ਧੂੰਏਂ ਦੇ ਮਨੁੱਖੀ ਸਰੀਰ ਤੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਐਡਵਾਈਜਰੀ ਕੀਤੀ ਜਾਰੀ

ਪਟਿਆਲਾ 03 ਨਵੰਬਰ – ਜਿਲ੍ਹੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਫੈਲ ਰਹੇ ਧੁੰਏ ਕਾਰਣ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆਂ ਮੈਡੀਕਲ ਸੁਪਰਡੈਂਟ ਕਮ ਸਿਵਲ ਸਰਜਨ ਪਟਿਆਲਾ ਡਾ.ਸੰਜੇ ਕਾਮਰਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇ ਬਜੁਰਗਾਂ ਵਿੱਚ ਖਾਸ ਤੌਰ ਤੇ ਜੋ ਪਹਿਲਾ ਹੀ ਅਸਥਮਾਂ ਜਾਂ ਸਾਹ ਦੇ ਰੋਗੀ ਹਨ,

ਉਹਨਾਂ ਵਿੱਚ ਇਹਨਾਂ ਰੋਗਾਂ ਦੇ ਲੱਛਣਾਂ ਦੀ ਗੰਭੀਰਤਾ ਦੀ ਸਥਿਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲ ਵਿੱਚ ਇਹਨਾਂ ਮਰੀਜਾਂ ਦੀ ਆਮਦ ਵਧੀ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਅਧੀਨ ਰਾਜਿੰਦਰਾ ਹਸਪਤਾਲ ਵਿਖੇ ਸਾਹ ਦੇ ਰੋਗੀਆਂ ਦੀ ਐਮਰਜੈਂਸੀ ਸੇਵਾਵਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਆਮ ਤੌਰ ਤੇ ਹਵਾ ਵਿੱਚ ਪ੍ਰਦੂਸ਼ਣ ਕਾਰਣ ਅੱਖਾਂ ਵਿੱਚ ਜਲਨ, ਸਾਹ ਦੀ ਤਕਲੀਫ, ਥਕੇਵਾ ਅਤੇ ਚਿੜਚੜਾਪਨ ਦੇ ਲੱਛਣ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਾਹ ਦੇ ਰੋਗੀਆਂ ਦੀ ਤਕਲੀਫ ਨੂੰ ਦੇਖਦੇ ਹੋਏ ਪਰਾਲੀ ਸਾੜਨ ਤੋਂ ਗੁਰੇਜ਼ ਕੀਤਾ ਜਾਵੇ। ਜਿਲ੍ਹਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਡਾ. ਸੁਮੀਤ ਸਿੰਘ ਨੇ ਧੂੰਏ ਦੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਜਾਣਕਾਰੀ ਦਿੰਦੇ ਦੱਸਿਆਂ ਕਿ ਹਵਾ ਦੀ ਗੁਣਵੱਤਤਾ ਦੇ ਮਾੜੇ ਪੱਧਰ ਨੂੰ ਦੇਖਦੇ ਹੋਏ ਖੁੱਲੇ ਵਿੱਚ ਸੈਰ, ਸਾਇਕਲਿੰਗ ਅਤੇ ਦੌੜ ਤੋਂ  ਗੁਰੇਜ ਕੀਤਾ ਜਾਵੇ।

ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਲਗਾਇਆ ਜਾਵੇ, ਕੱਚੀ ਥਾਂ ਅਤੇ ਧੂੜ ਨੂੰ  ਉੱਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲ਼ਰ ਜਰੂਰ ਨਾਲ ਰੱਖਣ। ਟਰੈਫਿਕ ਦੀ ਸੱਮਸਿਆ ਨੂੰ ਘਟਾਉਣ ਲਈ ਵੱਡੀਆਂ ਗੱਡੀਆਂ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ। ਜਿਥੋਂ ਤੱਕ ਹੋ ਸਕੇ ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ। ਘਰਾਂ ਵਿੱਚ ਝਾੜੂ ਦੀ ਬਜਾਏ ਗਿੱਲਾ ਪੋਚਾ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਅਗਰਬੱਤੀ, ਪੱਤੇ ਅਤੇ ਕੱਚਰਾ ਨਾ ਜਲਾਇਆ ਜਾਵੇ । ਪਾਰਕਾਂ ਆਦਿ ਥਾਵਾਂ ਤੇ ਇਕੱਠੇ ਹੋਏ ਘਾਹ ਤੇ ਪੱਤੇ ਆਦਿ ਨੂੰ ਜਲਾਉਣ ਦੀ ਬਜਾਏ ਦਬਾਇਆ ਜਾਵੇ। ਬੱਚੇ, ਬਜੁਰਗ ਅਤੇ ਗਰਭਵਤੀ ਮਹਿਲਾਵਾਂ ਨੂੰ ਪ੍ਰਦੂਸ਼ਨ ਵਾਲੇ ਏਰੀਏ ਵਿੱਚ ਜਾਣ ਤੋਂ ਰੋਕਿਆ ਜਾਵੇ।

Scroll to Top