ਮੈਰਿਜ ਪੈਲੇਸ ਵਿਚ ਅੱਗ ਲਗਣ ਨਾਲ ਹੋਇਆ ਭਾਰੀ ਨੁਕਸਾਨ

ਚੰਡੀਗੜ, 3 ਨਵੰਬਰ 2025 : ਜੀਰਕਪੁਰ ਵਿਖੇ ਅੱਜ ਇਕ ਮੈਰਿਜ ਪੈਲੇਸ ਵਿਚ ਅਚਾਨਕ ਅੱਗ ਲਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਕਰੀਬ 12 ਵਜੇ ਦੇ ਆਸਪਾਸ ਔਰਾ ਗਾਰਡਨ ਮੈਰਿਜ ਪੈਲੇਸ ਵਿੱਚ ਵਾਪਰਿਆ, ਜਿੱਥੇ ਇੱਕ ਡਾਕਟਰ ਜੋੜੇ ਦਾ ਵਿਆਹ ਚੱਲ ਰਿਹਾ ਸੀ। ਅਚਾਨਕ ਰਸੋਈ ਦੇ ਹਿੱਸੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਤੇ ਕੁਝ ਮਿੰਟਾਂ ਵਿੱਚ ਹੀ ਅੱਗ ਨੇ ਤੇਜ਼ੀ ਨਾਲ ਪੈਰ ਫੈਲਾ ਲਏ।

ਪੈਲੇਸ ਸਟਾਫ਼ ਨੇ ਸ਼ੁਰੂਆਤੀ ਕੋਸ਼ਿਸ਼ਾਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਦ ਹਾਲਾਤ ਬੇਕਾਬੂ ਹੋਣ ਲੱਗੇ ਤਾਂ ਤੁਰੰਤ ਸਾਰੇ ਮਹਿਮਾਨਾਂ ਨੂੰ ਸੁਰੱਖਿਅਤ ਤੌਰ ਤੇ ਬਾਹਰ ਕੱਢਿਆ ਗਿਆ। ਵਿਆਹ ਵਿੱਚ ਸ਼ਾਮਲ ਲੋਕ ਆਪਣੀ ਜਾਨ ਬਚਾਉਣ ਲਈ ਘਬਰਾਹਟ ਵਿੱਚ ਬਾਹਰ ਨਿਕਲੇ।

ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅੱਗ ਦੀ ਤੀਬਰਤਾ ਕਾਰਨ ਮੌਕੇ ’ਤੇ ਭਿਆਨਕ ਦ੍ਰਿਸ਼ ਪੈਦਾ ਹੋ ਗਿਆ ਅਤੇ ਮਹਿਮਾਨਾਂ ਵਿੱਚ ਦਹਿਸ਼ਤ ਫੈਲ ਗਈ, ਜਿਸਤੋ ਬਾਅਦ ਫਾਇਰ ਬ੍ਰਿਗੇਡ ਦੀ ਲਗਭਗ ਦਰਜਨ ਗੱਡੀਆਂ ਨੇ ਕਈ ਘੰਟਿਆਂ ਦੀ ਮਿਹਨਤ ਮਗਰੋਂ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।

Scroll to Top