ਪਟਿਆਲਾ, 2 ਨਵੰਬਰ 2025 – ਪੰਜਾਬੀ ਯੂਨੀਵਰਸਿਟੀ ਦੇ ਇੱਕ ਤਾਜ਼ਾ ਖੋਜ ਅਧਿਐਨ ਰਾਹੀਂ ਡਿਜੀਟਲ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ, ਕਲਾਉਡ ਅਧਾਰਿਤ ਅਤੇ ਡਿਜੀਟਲ ਨੈੱਟਵਰਕਾਂ ’ਤੇ ਹੋਣ ਵਾਲ਼ੇ ਵੱਡੇ ਪੈਮਾਨੇ ਦੇ ਸਾਈਬਰ ਹਮਲਿਆਂ ਦਾ ਹੱਲ ਲੱਭਣ ਹਿਤ ਤਕਨੀਕ ਵਿਕਸਿਤ ਕੀਤੀ ਗਈ ਹੈ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਿਖੇ ਇਹ ਖੋਜ ਖੋਜਾਰਥੀ ਡਾ. ਜਸਮੀਨ ਕੌਰ ਚਾਹਲ ਵੱਲੋਂ ਨਿਗਰਾਨ ਡਾ. ਅਭਿਨਵ ਭੰਡਾਰੀ ਅਤੇ ਸਹਿ-ਨਿਗਰਾਨ ਡਾ. ਸੰਨੀ ਬਹਿਲ (ਐਸੋਸੀਏਟ ਪ੍ਰੋਫੈਸਰ, ਐੱਸ.ਬੀ.ਐੱਸ.ਐੱਸ.ਟੀ.ਯੂ., ਫਿਰੋਜ਼ਪੁਰ) ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਇਸ ਖੋਜ ਦੇ ਨਤੀਜੇ 12.7 ਇੰਪੈਕਟ ਫੈਕਟਰ ਵਾਲ਼ੇ ਐੱਸ.ਸੀ. ਆਈ.ਇੰਡੈਕਸਡ ਜਰਨਲ ਵਿੱਚ ਪ੍ਰਕਾਸ਼ਿਤ ਹੋਣ ਨਾਲ਼ ਇਸ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਹੈ।
ਨਿਗਰਾਨ ਡਾ. ਅਭਿਨਵ ਭੰਡਾਰੀ ਨੇ ਦੱਸਿਆ ਕਿ ਇਹ ਨਵੀਨਤਮ ਖੋਜ ਕਾਰਜ ‘ਡਿਸਟ੍ਰੀਬਿਊਟਿਡ ਡਿਨਾਈਲ ਆਫ਼ ਸਰਵਿਸ (ਡੀ.ਡੀ.ਓ.ਐੱਸ.) ਅਤੇ ਅਜਿਹੇ ਹੋਰ ਸਾਈਬਰ ਖਤਰੇ, ਜੋ ਸਰਕਾਰਾਂ, ਉਦਯੋਗਾਂ ਅਤੇ ਵਿਅਕਤੀਆਂ ਲਈ ਖਤਰਾ ਸਾਬਿਤ ਹੋ ਸਕਦੇ ਹਨ, ਦੇ ਵਿਰੁੱਧ ਬਚਾਅ ਮਜ਼ਬੂਤ ਕਰਨ ਉੱਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਇਹ ਖੋਜ ਲਚਕੀਲੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਯੋਗਦਾਨ ਪਾਉਂਦਿਆਂ ਇੱਕ ਮਜ਼ਬੂਤ ਮਾਡਲ ਦੀ ਪੇਸ਼ਕਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪਹੁੰਚ ਡਿਜੀਟਲ ਭਰੋਸੇਯੋਗਤਾ ਵਧਾਉਂਦੀ ਹੈ ਅਤੇ ਇੱਕ ਮਜ਼ਬੂਤ ਸਾਈਬਰ ਸੁਰੱਖਿਆ ਫਰੇਮਵਰਕ ਬਣਾਉਂਦੀ ਹੈ ਤਾਂ ਜੋ ਸੰਵੇਦਨਸ਼ੀਲ ਡਾਟਾ, ਵਿੱਤੀ ਪ੍ਰਣਾਲੀਆਂ ਅਤੇ ਮਹੱਤਵਪੂਰਨ ਆਨਲਾਈਨ ਸੇਵਾਵਾਂ ਦੀ ਰਾਖੀ ਕੀਤੀ ਜਾ ਸਕੇ।
ਖੋਜਾਰਥੀ ਡਾ. ਜਸਮੀਨ ਕੌਰ ਚਾਹਲ ਨੇ ਦੱਸਿਆ ਕਿ ਇਸ ਖੋਜ ਰਾਹੀਂ ਵਿਕਸਿਤ ਤਕਨੀਕ ਵੱਖ-ਵੱਖ ਧਿਰਾਂ ਲਈ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਦਯੋਗਾਂ ਲਈ ਇਹ ਡਿਜੀਟਲ ਪਲੇਟਫਾਰਮਾਂ ਅਤੇ ਸੇਵਾਵਾਂ ਦੀ ਸੁਰੱਖਿਆ, ਵਿੱਤੀ ਮਾਮਲਿਆਂ ਵਿੱਚ ਹੁੰਦੇ ਨੁਕਸਾਨ ਨੂੰ ਰੋਕਣ ਵਿੱਚ ਸਹਾਈ ਹੈ, ਉਥੇ ਹੀ ਸਰਕਾਰਾਂ ਲਈ ਇਹ ਰਾਸ਼ਟਰੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਇਹ ਸਰਕਾਰੀ ਪੋਰਟਲ, ਸਿਹਤ ਸੰਭਾਲ਼ ਪ੍ਰਣਾਲੀਆਂ, ਵਿੱਤੀ ਸੇਵਾਵਾਂ ਅਤੇ ਵਿਦਿਅਕ ਪਲੇਟਫਾਰਮ ਵਰਗੇ ਜ਼ਰੂਰੀ ਆਨਲਾਈਨ ਸਰੋਤਾਂ ਉੱਤੇ ਹੁੰਦੇ ਸਾਈਬਰ ਹਮਲਿਆਂ ਤੋਂ ਬਚਾਅ ਕਰ ਸਕਦੀ ਹੈ।
ਸਹਿ-ਨਿਗਰਾਨ ਡਾ. ਸੰਨੀ ਬਹਿਲ ਨੇ ਕਿਹਾ ਕਿ ਅਕਾਦਮਿਕ ਖੋਜ ਖੇਤਰ ਅਤੇ ਅਸਲ ਸੰਸਾਰ ਦੀ ਸਾਈਬਰ ਸਕਿਊਰਿਟੀ ਸਬੰਧੀ ਹੱਲਾਂ ਵਿਚਕਾਰ ਦਰਾਰ ਨੂੰ ਮੇਟਣ ਹਿਤ ਇਹ ਅਧਿਐਨ ਇੱਕ ਪੁਲ ਵਜੋਂ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਕਸਿਤ ਤਕਨੀਕ ਵਿੱਚ ਵਿਸ਼ਵ ਪੱਧਰ ’ਤੇ ਡਿਜੀਟਲ ਸੁਰੱਖਿਆ ਵਿੱਚ ਯੋਗਦਾਨ ਪਾਉਣ ਦੀ ਬਹੁਤ ਵੱਡੀ ਸੰਭਾਵਨਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਪੰਜਾਬੀ ਯੂਨੀਵਰਸਿਟੀ ਯੂਨੀਵਰਸਿਟੀ ਦੀ ਸਮਕਾਲੀ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਅਤਿ-ਆਧੁਨਿਕ ਸਾਈਬਰ ਸੁਰੱਖਿਆ ਖੋਜ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਵੀ ਉਜਾਗਰ ਕਰਦੇ ਹਨ।