ਖੇਤੀਬਾੜੀ ਵਿੱਚ ਏ.ਆਈ. ਦੀ ਭੂਮਿਕਾ’ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਸੈਮੀਨਾਰ

ਪਟਿਆਲਾ, 29 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵੱਲੋਂ ‘ਆਧੁਨਿਕ ਯੁੱਗ ਦੀ ਖੇਤੀਬਾੜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਦੀ ਭੂਮਿਕਾ’ ਵਿਸ਼ੇ ਉੱਤੇ ਚੌਥਾ ਸਾਲਾਨਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ   ਖੇਤੀਬਾੜੀ ਖੇਤਰ ਵਿੱਚ ਟਿਕਾਊ ਅਤੇ ਤਕਨਾਲੋਜੀ-ਆਧਾਰਿਤ ਹੱਲਾਂ ਦੇ ਵਿਕਾਸ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਜਿਹੇ ਖੇਤਰਾਂ ਦੀ ਸੁਯੋਗ ਵਰਤੋਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਨਵੀਨਤਾਕਾਰੀ ਵਿਚਾਰਾਂ ਅਤੇ ਨਿਰੰਤਰ ਯਤਨਾਂ ਨਾਲ਼ ਖੇਤੀਬਾੜੀ ਖੇਤਰ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਪੰਜਾਬ ਦੀ ਖੇਤੀਬਾੜੀ ਉਤਪਾਦਕਤਾ ‘ਤੇ ਹਰੀ ਕ੍ਰਾਂਤੀ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਅਤਿ ਵਰਤੋਂ ਕਾਰਨ ਹੋਣ ਵਾਲੇ ਮਾੜੇ ਸਿਹਤ ਪ੍ਰਭਾਵਾਂ ਬਾਰੇ ਚਿੰਤਾ ਜ਼ਾਹਰ ਕੀਤੀ।

ਮੁੱਖ ਬੁਲਾਰੇ ਡਾ. ਮਨਜੀਤ ਸਿੰਘ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਜੋਂ ਕਰਜਸ਼ੀਲ ਹਨ, ਨੇ ਆਧੁਨਿਕ ਯੁੱਗ ਦੀ ਖੇਤੀਬਾੜੀ ਵਿੱਚ ਤਰੱਕੀਆਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਦੀ ਕੁਸ਼ਲਤਾ ਅਤੇ ਉਤਪਾਦਕਤਾ ਵਧਾਉਣ ਲਈ ਵਿਕਸਿਤ ਕੀਤੇ ਗਏ ਵੱਖ-ਵੱਖ ਨਵੀਨਤਾਕਾਰੀ ਉਪਕਰਣਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਵੱਖ-ਵੱਖ ਵਿਕਸਤ ਤਕਨਾਲੋਜੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਵਿੱਚ ਮੈਨੂਅਲ ਮਿੱਟੀ ਸੈਂਸਰ, ਕਪਾਹ ਚੁਗਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਅਤੇ ਸੈਂਸਰ-ਆਧਾਰਿਤ ਰੀਅਲ-ਟਾਈਮ ਖਾਦ ਲਗਾਉਣ ਵਾਲੇ ਸਿਸਟਮ ਆਦਿ ਸ਼ਾਮਲ ਸਨ।

ਆਈ.ਆਈ. ਟੀ. ਰੋਪੜ ਤੋਂ ਪੁੱਜੇ ਵਿਸ਼ਾ ਮਾਹਿਰ ਡਾ. ਜਗਪ੍ਰੀਤ ਸਿੰਘ, ਨੇ ਫਸਲ ਸਿਹਤ ਨਿਗਰਾਨੀ, ਕੀੜੇ ਖੋਜ ਅਤੇ ਸਰੋਤ ਪ੍ਰਬੰਧਨ ਵਿੱਚ ਏ.ਆਈ-ਆਧਾਰਿਤ ਐਪਲੀਕੇਸ਼ਨਜ਼ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਆਰਗੈਨਿਕ ਖੇਤੀਬਾੜੀ ਅਤੇ ਫਸਲ ਨਿਗਰਾਨੀ ਤਕਨਾਲੋਜੀਆਂ ਦੇ ਨਵੀਨਤਾਕਾਰੀ ਹੱਲਾਂ ਬਾਰੇ ਵੀ ਚਰਚਾ ਕੀਤੀ ਜੋ ਖੇਤੀਬਾੜੀ ਦੇ ਰਵਾਇਤੀ ਢੰਗ ਨੂੰ ਬਦਲ ਰਹੇ ਹਨ ਅਤੇ ਉਤਪਾਦਕਤਾ ਵਧਾ ਰਹੇ ਹਨ।

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਰਮਨ ਮੈਨੀ ਨੇ ਵੀ ਆਧੁਨਿਕ ਖੇਤੀ ਰਵਾਇਤਾਂ ਵਿੱਚ ਮਸਨੂਈ ਬੁੱਧੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਸਮਾਜ ਦੇ ਭਲੇ ਲਈ ਵਿਭਾਗ ਵੱਲੋਂ ਆਯੋਜਿਤ ਵੱਖ-ਵੱਖ ਪਹਿਲਕਦਮੀਆਂ ਅਤੇ ਸਮਾਗਮਾਂ ਬਾਰੇ ਵੇਰਵੇ ਸਾਂਝੇ ਕੀਤੇ।

ਸੈਮੀਨਾਰ ਦੇ ਕਨਵੀਨਰ ਡਾ. ਸਿਕੰਦਰ ਸਿੰਘ ਚੀਮਾ ਨੇ ਪਿਛਲੇ ਸੈਮੀਨਾਰਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਮਸਨੂਈ ਬੁੱਧੀ ਦੀ ਵਧਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਸੈਮੀਨਾਰ ਦੇ ਸਹਿ-ਕਨਵੀਨਰ ਡਾ. ਨਵਨੀਤ ਕੌਰ ਨੇ ਸਾਰੇ ਮਹਿਮਾਨਾਂ ਅਤੇ ਸਹਿਭਾਗੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਧੰਨਵਾਦੀ ਭਾਸ਼ਣ ਸੈਮੀਨਾਰ ਦੇ ਕੋਆਰਡੀਨੇਟਰ ਡਾ. ਨਵਜੋਤ ਕੌਰ ਨੇ ਦਿੱਤਾ।

Scroll to Top