ਪਟਿਆਲਾ, 28 ਅਕਤੂਬਰ– ਪੰਜਾਬੀ ਯੂਨੀਵਰਸਿਟੀ ਦੇ ਸੈਰ-ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਵਿਭਾਗ ਵੱਲੋਂ ‘ਅੰਤਰ-ਰਾਸ਼ਟਰੀ ਸ਼ੈੱਫ ਦਿਵਸ’ ਮਨਾਇਆ ਗਿਆ। ਇਸ ਮੌਕੇ ਬੈਚਲਰ ਆਫ਼ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਖਾਣਾ ਪਕਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ‘ਫੂਡ ਐਕਸਪਲੋਰਰ’ ਵਿਸ਼ੇ ‘ਤੇ ਪਾਵਰਪੁਆਇੰਟ ਪੇਸ਼ਕਾਰੀ ਦਿੱਤੀ।
ਵਿਭਾਗ ਮੁਖੀ ਡਾ. ਹਰਦਮਨ ਸਿੰਘ ਭਿੰਡਰ ਨੇ ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸਿਹਤਮੰਦ ਭੋਜਨ ਦੀ ਮਹੱਤਤਾ ਅਤੇ ਨੌਜਵਾਨ ਚਾਹਵਾਨ ਸ਼ੈੱਫ ਦੁਆਰਾ ਅਪਣਾਏ ਜਾਣ ਵਾਲੇ ਟਿਕਾਊ ਅਮਲਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸ਼ੈੱਫ ਬਣਨ ਦੇ ਚਾਹਵਾਨ ਨੌਜਵਾਨਾਂ ਨੂੰ ਨਵੇਂ ਪਕਵਾਨਾਂ ਦੇ ਵਿਕਾਸ ਵਿੱਚ ਤਾਜ਼ੀ, ਸਥਾਨਕ ਅਤੇ ਮੌਸਮੀ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਖਾਸ ਕਰ ਕੇ ਛੋਟੇ ਬੱਚਿਆਂ ਲਈ ਖਾਣੇ ਵਿੱਚ ਅਜਿਹੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਜੋ ਖਾਣ-ਪੀਣ ਦੀਆਂ ਸਿਹਤਮੰਦ ਆਦਤਾਂ ਅਤੇ ਸੁਆਦ ਪੈਦਾ ਹੋ ਸਕਣ।
ਵਿਭਾਗ ਤੋਂ ਡਾ. ਪਰਮਿੰਦਰ ਸਿੰਘ ਢਿੱਲੋਂ ਨੇ ਇਸ ਸਾਲ ਵਰਲਡ ਐਸੋਸੀਏਸ਼ਨ ਆਫ਼ ਸ਼ੈੱਫ ਸੋਸਾਇਟੀਜ਼ ਵੱਲੋਂ ਅੰਤਰਰਾਸ਼ਟਰੀ ਸ਼ੈੱਫ ਦਿਵਸ 2025 ਲਈ ਨਿਰਧਾਰਿਤ ਕੀਤੇ ਗਏ ਥੀਮ “ਫੂਡ ਐਕਸਪਲੋਰਰ” ਬਾਰੇ ਜਾਣਕਾਰੀ ਦਿੱਤੀ। ਇਹ ਥੀਮ ਬੱਚਿਆਂ ਨੂੰ ਸਿਹਤਮੰਦ ਭੋਜਨ, ਟਿਕਾਊ ਖਾਣਾ ਪਕਾਉਣ ਅਤੇ ਭੋਜਨ ਦੀ ਉਤਪਤੀ ਬਾਰੇ ਸਿੱਖਿਆ ਦੇਣ ‘ਤੇ ਕੇਂਦ੍ਰਿਤ ਹੈ।