ਪਟਿਆਲਾ: 21 ਅਕਤੂਬਰ, 2025- ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ 150ਵੀਂ ਮੋਦੀ ਜਯੰਤੀ ਮੌਕੇ ਹਵਨ-ਯੱਗ ਅਤੇ ਪੂਜਾ-ਅਰਚਨਾ ਆਯੋਜਿਤ ਕੀਤੀ ਗਈ। ਕਾਲਜ ਵੱਲੋਂ ਆਪਣੇ ਦੂਰਅੰਦੇਸ਼ੀ ਸੰਸਥਾਪਕ ਰਾਏ ਬਹਾਦੁਰ ਸੇਠ ਮੁਲਤਾਨੀ ਮੱਲ ਮੋਦੀ ਜੀ ਦੀ ਵਿਰਾਸਤ ਨੂੰ ਯਾਦ ਕਰਨ ਹਿੱਤ ਹਫ਼ਤਾ ਭਰ ਆਯੋਜਿਤ ਕੀਤੇ ਵੱਖ-ਵੱਖ ਅਕਾਦਮਿਕ, ਸਾਹਿਤਕ ਅਤੇ ਹੁਨਰ ਅਧਾਰਤ ਮੁਕਾਬਲਿਆਂ ਅਤੇ ਗਤੀਵਿਧੀਆਂ ਦੁਆਰਾ ਉਹਨਾਂ ਨੂੰ ਭਾਵ-ਭਿੰਨੀ ਸ਼ਰਧਾਜ਼ਲੀ ਅਰਪਿਤ ਕੀਤੀ ਗਈ।। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਸੁਰਿੰਦਰ ਲਾਲ ਜੀ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਰਾਏ ਬਹਾਦੁਰ ਸੇਠ ਮੁਲਤਾਨੀ ਮੱਲ ਮੋਦੀ ਜੀ ਉੱਤਰੀ ਭਾਰਤ ਦੇ ਮੋਹਰੀ ਸਮਾਜ ਸੁਧਾਰਕਾਂ ਵਿੱਚੋਂ ਇੱਕ ਸਨ ਜੋ ਸਿੱਖਿਆ ਅਤੇ ਗਿਆਨ ਰਾਹੀ ਸਮਾਜਿਕ ਤਬਦੀਲੀ ਦੇ ਆਦਰਸ਼ਾਂ ਵਿੱਚ ਵਿਸ਼ਵਾਸ ਰੱਖਦੇ ਸਨ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਾਲਜ ਦੇ ਸੰਸਥਾਪਕ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਤਬਦੀਲੀ ਲਿਆਉਣ ਅਤੇ ਆਲੋਚਨਾਤਮਕ ਸੋਚ ਦੁਆਰਾ ਵਿਕਿਸਤ ਸਮਾਜ ਦੀ ਸਥਾਪਨਾ ਕਰਨ ਲਈ ਇੱਕ ਮਾਧਿਅਮ ਵਜੋਂ ਵਰਤਿਆ। ਉਨ੍ਹਾਂ ਦੀ ਦ੍ਰਿਸ਼ਟੀ ਸਾਡੀ ਮਾਰਗ ਦਰਸ਼ਕ ਹੈ ਅਤੇ ਸਮਾਜ ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਮੋਦੀ ਜਯੰਤੀ ਦੇ ਸੰਦਰਭ ਵਿੱਚ ਇਸ ਸਾਲ ਵੀ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਭਰਵੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੱਖ-ਵੱਖ ਮੁਕਾਬਲੇ ਅਤੇ ਹੁਨਰ ਆਧਾਰਿਤ ਗਤੀਵਿਧੀਆਂ ਆਯੋਜਿਤ ਕੀਤੀਆ ਗਈਆਂ।ਮਾਨਵਤਾ ਦੀ ਭਲਾਈ ਹਿੱਤ ਅਤੇ ‘ਖ਼ੂਨਦਾਨ-ਮਹਾਂਦਾਨ’ ਦੇ ਸੰਦੇਸ਼ ਨੂੰ ਫੈਲਾਉਣ ਲਈ ਕਾਲਜ ਦੇ ਐਨ.ਐਸ.ਐਸ ਵਿੰਗ, ਐੱਨ.ਸੀ.ਸੀ ਵਿੰਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ 48 ਯੂਨਿਟ ਖ਼ੂਨਦਾਨ ਕੀਤਾ ਗਿਆ।
ਮੋਦੀ ਜਯੰਤੀ ਹਫ਼ਤੇ ਦੇ ਜਸ਼ਨਾਂ ਦੇ ਹਿੱਸੇ ਵਜੋਂ “ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਿੱਖਿਆ, ਸਾਹਿਤ ਅਤੇ ਖੋਜ” ਵਿਸ਼ੇ ‘ਤੇ ਇੱਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ ਇਹ ਵਿਸ਼ੇਸ਼ ਭਾਸ਼ਣ ਪੋਸਟ-ਗ੍ਰੈਜੂਏਟ ਵਿਭਾਗ ਪੰਜਾਬੀ ਦੁਆਰਾ ਆਯੋਜਿਤ ਕੀਤਾ ਗਿਆ ਸੀ ਅਤੇ ਇਸਦਾ ਉਦੇਸ਼ ਸਿੱਖਿਆ, ਸਾਹਿਤ ਅਤੇ ਖੋਜ ‘ਤੇ ਏਆਈ ਦੇ ਪ੍ਰਭਾਵਾਂ ਦੀ ਪੜਚੋਲ ਕਰਨਾ ਸੀ।