ਦਿੱਲੀ, 16 ਅਕਤੂਬਰ : ਭਾਰਤ ਨਾਲ ਰੂਸ ਦੇ ਊਰਜਾ ਸੰਬੰਧ ਨਵੀਂ ਦਿੱਲੀ ਦੇ ਰਾਸ਼ਟਰੀ ਹਿਤਾਂ ਦੇ ਅਨੁਕੂਲ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਕੁੱਲ ਵਪਾਰਕ ਰਿਸ਼ਤੇ ਤੇਜ਼ੀ ਨਾਲ ਉੱਪਰ ਵੱਧ ਰਹੇ ਹਨ। ਇਨਾ ਵਿਚਾਰਾਂ ਦਾ ਪ੍ਰਗਟਾਵਾ ਰੂਸ ਦੇ ਰਾਜਦੂਤ ਡੈਨਿਸ ਐਲਿਪੋਵ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟਿਪਣੀ ਤੋ ਬਾਅਦ ਕੀਤਾ ਹੈ।
ਦਸ ਦਈਏ ਕਿ ਐਲਿਪੋਵ ਦੀ ਇਹ ਟਿੱਪਣੀ ਉਸ ਤੋਂ ਕੁਝ ਘੰਟੇ ਬਾਅਦ ਆਈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਨਵੀਂ ਦਿੱਲੀ ਰੂਸੀ ਕੱਚਾ ਤੇਲ ਖਰੀਦਣਾ ਬੰਦ ਕਰ ਦੇਵੇਗੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਟਰੰਪ ਦੇ ਬਿਆਨ ਦੇ ਮੱਦੇਨਜ਼ਰ ਭਾਰਤ ਰੂਸੀ ਕੱਚਾ ਤੇਲ ਖਰੀਦਣਾ ਜਾਰੀ ਰੱਖੇਗਾ, ਤਾਂ ਰੂਸੀ ਰਾਜਦੂਤ ਨੇ ਕਿਹਾ, “ਇਹ ਸਵਾਲ ਭਾਰਤੀ ਸਰਕਾਰ ਨੂੰ ਹੀ ਦੇਣਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਭਾਰਤੀ ਸਰਕਾਰ ਇਸ ਮਾਮਲੇ ਨਾਲ ਨਿਪਟ ਰਹੀ ਹੈ ਅਤੇ ਸਭ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰੀ ਹਿਤਾਂ ਨੂੰ ਧਿਆਨ ਵਿਚ ਰੱਖ ਰਹੀ ਹੈ।
ਸਾਡਾ ਸਹਿਯੋਗ ਪੂਰੀ ਤਰ੍ਹਾਂ ਹਿੱਤਾਂ ਦੇ ਅਨੁਕੂਲ
ਉਨ੍ਹਾਂ ਕਿਹਾ, “ਊਰਜਾ ਖੇਤਰ ਵਿੱਚ ਸਾਡਾ ਸਹਿਯੋਗ ਪੂਰੀ ਤਰ੍ਹਾਂ ਉਨ੍ਹਾਂ ਹੀ ਹਿਤਾਂ ਦੇ ਅਨੁਕੂਲ ਹੈ।” ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦੇ ਜਵਾਬ ਵਿੱਚ, ਭਾਰਤ ਨੇ ਕਿਹਾ ਕਿ ਉਹ ਊਰਜਾ ਦੀ ਸਪਲਾਈ ਨੂੰ “ਵਿਆਪਕ ਅਤੇ ਵਿਭਿੰਨ” ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਬਾਜ਼ਾਰ ਦੀਆਂ ਸਥਿਤੀਆਂ ਦੇ ਅਨੁਸਾਰ ਕੰਮ ਕੀਤਾ ਜਾ ਸਕੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਟਰੰਪ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਸਥਿਰ ਊਰਜਾ ਸਥਿਤੀ ਵਿੱਚ ਭਾਰਤੀ ਖਪਤਕਾਰ ਦੇ ਹਿਤਾਂ ਦੀ ਰੱਖਿਆ ਕਰਨਾ ਨਵੀਂ ਦਿੱਲੀ ਦੀ ਹਮੇਸ਼ਾਂ ਤੋਂ ਪ੍ਰਾਥਮਿਕਤਾ ਰਹੀ ਹੈ।