ਪੰਜਾਬੀ ਯੂਨੀਵਰਸਿਟੀ ਵਿਖੇ ਸੰਗੀਤ ਸੰਮੇਲਨ ਦਾ ਹੋਇਆ ਆਗਾਜ਼

ਪਟਿਆਲਾ, 15 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ’11ਵਾਂ ਸਲਾਨਾ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ’ ਆਰੰਭ ਹੋ ਗਿਆ ਹੈ। ਪੰਜਾਬ ਵਿਚ ਆਯੋਜਿਤ ਹੁੰਦੇ ਸ਼ਾਸਤਰੀ ਸੰਗੀਤ ਦੇ ਸੰਮੇਲਨਾਂ ਵਿੱਚ ਉੱਘਾ ਸਥਾਨ ਹਾਸਿਲ ਰੱਖਦੇ ਇਸ ਸੰਗੀਤ ਸੰਮੇਲਨ ਦੀ ਪਹਿਲੀ ਸ਼ਾਮ ਦਾ ਆਗਾਜ਼ ਸ੍ਰੀ ਦੀਪਿਨ ਰਾਜ ਵੱਲੋਂ ਪੇਸ਼ ਕੀਤੇ ਗਏ ਸ਼ਾਸਤਰੀ ਗਾਇਨ ਨਾਲ਼ ਹੋਇਆ। ਪਹਿਲੀ ਸ਼ਾਮ ਦਾ ਸਿਖ਼ਰ ਵਿਸ਼ਵ ਭਾਰਤੀ ਸ਼ਾਂਤੀ ਨਿਕਤੇਨ ਤੋਂ ਪੁੱਜੇ ਪ੍ਰੋ. ਸਬਿਯਾਸਾਚੀ ਸਰਖੇਲ ਵੱਲੋਂ ਦਿੱਤੀ ਸਿਤਾਰ ਵਾਦਨ ਦੀ ਮਨਮੋਹਕ ਪੇਸ਼ਕਾਰੀ ਨਾਲ਼ ਹੋਇਆ। ਦੋਹੇਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।

ਸ੍ਰੀ ਦੀਪਿਨ ਰਾਜ ਨੇ ਸ਼ਾਮ ਦੇ ਰਾਗ ‘ਪੂਰੀਆ ਕਲਿਆਣ’ ਵਿੱਚ ਦੋ ਬੰਦਿਸ਼ਾਂ ਦੀ ਪੇਸ਼ਕਾਰੀ ਦਿੱਤੀ। ਉਨ੍ਹਾਂ ਇਹ ਪੇਸ਼ਕਾਰੀ ਰਾਗ ਦੇ ਵਿਸਥਾਰ ਦੀਆਂ ਬਰੀਕੀਆਂ ਸਹਿਤ ਵਿਧੀਵਤ ਢੰਗ ਨਾਲ ਦਿੱਤੀ। ਉਨ੍ਹਾਂ ਦੇ ਮਿਆਰੀ ਗਾਇਨ ਨੇ ਇਸ ਤੱਥ ਨੂੰ ਸਿੱਧ ਕੀਤਾ ਕਿ ਪੰਜਾਬ ਵਿੱਚ ਸ਼ਾਸਤਰੀ ਸੰਗੀਤ ਦਾ ਭਵਿੱਖ ਉੱਜਲਾ ਹੈ।

ਪ੍ਰੋ. ਸਬਿਯਾਸਾਚੀ ਸਰਖੇਲ ਦੇ ਸਿਤਾਰ ਵਾਦਨ ਦੌਰਾਨ ਝਿੰਝੋਟੀ ਰਾਗ ਦੀਆਂ ਮਧੁਰ ਸੁਰਾਵਲੀਆਂ ਨਾਲ ਕਲਾ ਭਵਨ ਗੂੰਜ ਉੱਠਿਆ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਇਸ ਪੱਧਰ ਦਾ ਸੰਗੀਤ ਸੁਣਨ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਖ਼ਾਸੀਅਤ ਇੱਥੋਂ ਦੇ ਅਕਦਮਿਕ  ਮਾਹੌਲ ਦੀ ਅਜਿਹੀ ਵੰਨ-ਸੁਵੰਨਤਾ ਵਿੱਚ ਹੈ ਜਿੱਥੇ ਇੱਕ ਪਾਸੇ ਵਿਗਿਆਨ ਅਤੇ ਤਕਨਾਲੌਜੀ ਜਿਹੇ ਖੇਤਰਾਂ ਵਿੱਚ ਉੱਚ ਪੱਧਰੀ ਪ੍ਰਾਪਤੀਆਂ ਸਾਹਮਣੇ ਆ ਰਹੀਆਂ ਹਨ, ਓਥੇ ਹੀ ਭਾਸ਼ਾ, ਸਾਹਿਤ, ਸੰਗੀਤ ਅਤੇ ਹੋਰ ਕਲਾਵਾਂ ਦੇ ਖੇਤਰ ਵਿੱਚ ਵੀ ਓਸੇ ਹੀ ਮਿਆਰ ਅਤੇ ਸ਼ਿੱਦਤ ਵਾਲ਼ਾ ਕਾਰਜ ਹੋ ਰਿਹਾ ਹੈ।

 ਇਸ ਸੰਮੇਲਨ ਦੇ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਨੇ ਜਾਣਕਾਰੀ ਦਿੰਦੇ  ਹੋਏ ਦੱਸਿਆ ਕਿ ਪ੍ਰੋ. ਤਾਰਾ ਸਿੰਘ ਉੱਘੇ ਸੰਗੀਤ ਸ਼ਾਸਤਰੀ, ਖੋਜੀ, ਲੇਖਕ, ਸੁਰ ਰਚਨਾਕਾਰ, ਅਧਿਆਪਕ ਅਤੇ ਗੁਰੂ ਸਨ ਜਿਨ੍ਹਾਂ ਨੇ ਆਪਣੇ ਸੰਗੀਤ ਚਿੰਤਨ ਅਤੇ ਰਚਨਾਵਾਂ ਰਾਹੀਂ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਨਿੱਗਰ ਯੋਗਦਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਸੰਮੇਲਨ ਉਨ੍ਹਾਂ ਦੇ ਪਰਿਵਾਰ ਵੱਲੋਂ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੇ ਗਏ ਦਸ ਲੱਖ ਰੁਪਏ ਦੇ ਐਂਡੋਮੈਂਟ ਫੰਡ ਦੀ ਵਿਆਜ਼ ਰਾਸ਼ੀ ਨਾਲ਼ ਕਰਵਾਇਆ ਜਾਂਦਾ ਹੈ।

ਸੰਗੀਤ ਵਿਭਾਗ ਦੇ ਮੁਖੀ ਪ੍ਰੋ ਅਲੰਕਾਰ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਸ ਸੰਮੇਲਨ ਵਿੱਚ ਵਿਸ਼ਵ ਪ੍ਰਸਿੱਧ ਕਲਾਕਾਰ ਪੰਡਤ ਰਾਜਨ ਸਾਜਨ ਮਿਸਰ, ਪੰਡਤ ਵਿਸ਼ਵ ਮੋਹਨ ਭੱਟ, ਐਲ. ਕੇ ਪੰਡਿਤ ਜਿਹੇ ਕਲਾਕਾਰਾਂ ਤੋਂ ਇਲਾਵਾ ਰਾਸ਼ਟਰੀ ਪੱਧਰ ਦੇ ਅਨੇਕ ਕਲਾਕਾਰ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਇਸ ਸੰਮੇਲਨ ਵਿਚ ਪੰਜਾਬ ਦੇ ਇੱਕ ਕਲਾਕਾਰ ਦੀ ਪ੍ਰਤਿਨਿਧਤਾ ਜ਼ਰੂਰੀ ਹੁੰਦੀ ਹੈ ਅਤੇ ਨਾਲ ਹੀ ਪਟਿਆਲਾ ਘਰਾਣਾ ਦੇ ਕਲਾਕਾਰਾਂ ਨੂੰ ਸੱਦਾ ਦੇਣ ਦਾ ਜਤਨ ਵੀ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਦੇ ਸੰਮੇਲਨ ਦਿੱਲੀ ਤੋਂ ਪੰਡਿਤ ਦੁਰਜੈ ਭੌਮਿਕ ਏਕਲ ਤਬਲਾ ਵਾਦਨ ਦੀ ਪੇਸ਼ਕਾਰੀ ਲਈ ਤਸ਼ਰੀਫ ਲਿਆ ਰਹੇ ਹਨ। ਪੁਣੇ ਤੋਂ ਡਾ ਸਮੀਰ ਦੁਬਲੇ ਅਤੇ ਪੁਰੂਲਿਆ, ਪੱਛਮੀ ਬੰਗਾਲ ਤੋਂ ਡਾ ਅੰਮ੍ਰਿਤਾ ਸਰਖੇਲ ਗਾਇਨ ਪੇਸ਼ਕਾਰੀ ਲਈ ਆ ਰਹੇ ਹਨ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਪ੍ਰੋ ਤਾਰਾ ਸਿੰਘ ਦੀਆਂ ਬੰਦਿਸ਼ਾਂ ਦਾ ਗਾਇਨ ਵਿਸ਼ੇਸ਼ ਰੂਪ ਵਿਚ ਕੀਤਾ ਜਾਵੇਗਾ। ਸੰਮੇਲਨ ਦਾ ਇੱਕ ਸ਼ੈਸਨ ਵਿਖਿਆਤ ਸੰਗੀਤ ਚਿੰਤਕ ਅਤੇ ਆਲੋਚਕ ਸੰਗੀਤ ਸੰਕਲਪ ਨਾਮਕ ਰਾਸ਼ਟਰੀ ਸੰਸਥਾ ਦੇ ਸੰਸਥਾਪਕ ਡਾ. ਮੁਕੇਸ਼ ਗਰਗ ਨੂੰ ਸਮਰਪਿਤ ਹੋਵੇਗਾ।

ਪਹਿਲੀ ਸ਼ਾਮ ਦੀਆਂ ਸੰਗੀਤਿਕ ਪੇਸ਼ਕਾਰੀਆਂ ਵਿੱਚ ਤਬਲੇ ਉੱਤੇ ਸੰਗਤ ਜੈਦੇਵ ਅਤੇ ਮਧੁਰੇਸ਼ ਭੱਟ ਨੇ ਕੀਤੀ ਜਦੋਂ ਕਿ ਹਰਮੋਨੀਅਮ ਦੀ ਸੰਗਤ ਅਲੀ ਅਕਬਰ ਵੱਲੋਂ ਦਿੱਤੀ ਗਈ। ਮੰਚ ਸੰਚਾਲਨ ਦਾ ਕਾਰਜ ਜੋਤੀ ਸ਼ਰਮਾ ਨੇ ਕੀਤਾ। ਇਸ ਮੌਕੇ ਸੰਗੀਤ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਕਰਮਚਾਰੀ ਹਾਜ਼ਰ ਰਹੇ।

Scroll to Top