ਬਿਹਾਰ ਚੋਣਾਂ ਲਈ ਤਿਆਰੀਆਂ ਮੁਕੰਮਲ : 14 ਲੱਖ ਪਹਿਲੀ ਵਾਰ ਦੇਣਗੇ ਵੋਟ

ਨਵੀਂ ਦਿੱਲੀ, 6 ਅਕਤੂਬਰ : ਮੁੱਖ ਚੋਣ ਕਮਿਸ਼ਨਰ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ 7.4 ਕਰੋੜ ਤੋਂ ਵੱਧ ਵੋਟਰ ਆਪਣਾ ਹੱਕ ਅਦਾ ਕਰਨਗੇ। ਇਨ੍ਹਾਂ ਵਿੱਚੋਂ 14 ਲੱਖ ਨਵੇਂ ਵੋਟਰ ਹਨ ਜੋ ਪਹਿਲੀ ਵਾਰ ਮਤਦਾਨ ਕਰਨਗੇ।

ਕਮਿਸ਼ਨਰ ਨੇ ਦੱਸਿਆ ਕਿ ਰਾਜ ਵਿੱਚ ਕੁੱਲ 7.42 ਕਰੋੜ ਵੋਟਰ ਰਜਿਸਟਰ ਹਨ, ਜਿਨ੍ਹਾਂ ਵਿੱਚ 3.92 ਕਰੋੜ ਪੁਰਸ਼ ਅਤੇ 3.5 ਕਰੋੜ ਮਹਿਲਾਵਾਂ ਸ਼ਾਮਲ ਹਨ। ਇਸਦੇ ਨਾਲ-ਨਾਲ 4 ਲੱਖ ਸੀਨੀਅਰ ਸਿਟੀਜ਼ਨ ਵੋਟਰ ਵੀ ਆਪਣਾ ਵੋਟ ਪਾਉਣਗੇ, ਜਦਕਿ ਕਰੀਬ 14 ਹਜ਼ਾਰ ਵੋਟਰਾਂ ਦੀ ਉਮਰ 100 ਸਾਲ ਤੋਂ ਵੱਧ ਹੈ।

ਉਨ੍ਹਾਂ ਕਿਹਾ ਕਿ ਬਿਹਾਰ ਭਰ ਵਿੱਚ 90,712 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਹਰ ਇਲਾਕੇ ਤੱਕ ਵੋਟਿੰਗ ਸੁਚਾਰੂ ਢੰਗ ਨਾਲ ਹੋ ਸਕੇ।

ਚੋਣ ਕਮਿਸ਼ਨ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਡਰਾਉਣੀ ਘਟਨਾ ਨਾ ਵਾਪਰੇ ਅਤੇ ਵੋਟਰਾਂ ਤੇ ਉਮੀਦਵਾਰਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਮੁੱਖ ਚੋਣ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਇਸ ਵਾਰ ਦੀਆਂ ਚੋਣਾਂ ਪਾਰਦਰਸ਼ੀ, ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ।

 

Scroll to Top