-ਆਮ ਆਦਮੀ ਪਾਰਟੀ ਕਾਨੂੰਨ ਲਾਗੂ ਕਰਨ ਵਾਲੇ ਅਫਸਰਾਂ ਨਾਲ ਚਟਾਣ ਵਾਂਗ ਖੜੀ- ਬਰਸਟ

ਪਟਿਆਲਾ, 27 ਸਤੰਬਰ 2025 : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਹਰਚੰਦ ਸਿੰਘ ਬਰਸਟ ਨੇ ਬੀਤੇ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਬਿਆਨ ਬਾਜੀ ਵਿਰੁੱਧ ਸਖਤ ਨੋਟਿਸ ਦੇਂਦੇ ਹੋਏ ਕਿਹਾ ਕਿ 2007 ਤੋਂ 2017 ਤੱਕ ਜਿਸ ਸਮੇਂ ਪੰਜਾਬ ਵਿੱਚ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਅਤੇ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ।

ਇਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਬਰਬਾਦੀ ਦੀ ਨੀਂਹ ਰੱਖੀ ਗਈ। ਇਸ ਸਮੇਂ ਦੌਰਾਨ ਇਹਨਾਂ ਨੇ ਪਬਲਿਕ ਸੈਕਟਰ ਦੇ ਸਾਰੇ ਅਦਾਰੇ ਵੇਚ ਦਿੱਤੇ, ਪੰਜਾਬ ਸਿਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜਾਇਆ। ਫੋਕੀ ਵਾਹ ਵਾਹੀ ਖੱਟਣ ਲਈ ਸੰਗਤ ਦਰਸ਼ਨ ਦੇ ਨਾਂ ਥੱਲੇ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ  ਬਿਨਾਂ ਪਲਾਨਿੰਗ ਤੋਂ ਵੰਡਿਆ।

ਇਥੇ ਹੀ ਬਸ ਨਹੀਂ ਇਨ੍ਹਾਂ ਦੱਸਾਂ ਸਾਲਾਂ ਵਿੱਚ ਸਿੱਖ ਰਹਿਤ ਮਰਿਆਦਾ ਦਾ ਪੂਰੀ ਤਰ੍ਹਾਂ ਘਾਣ ਕੀਤਾ ਗਿਆ। ਤਖਤਾਂ ਦੀ ਮਰਿਆਦਾ ਤੋੜੀ ਗਈ ਧਾਰਮਿਕ ਸਥਾਨਾਂ ਦੇ ਆਗੂਆਂ ਨੂੰ ਸਰਕਾਰੀ ਦਬਾਅ ਥੱਲੇ ਨਿੱਜੀ ਸਿਆਸੀ ਹਿੱਤਾ ਲਈ ਵਰਤਿਆਂ। ਬਾਦਲ ਪਰਿਵਾਰ ਦੇ ਚਹੇਤਿਆਂ ਨੇ ਨਿੱਜੀ ਜਾਇਦਾਦਾ ਬਣਾਉਣ ਲਈ ਹਰ ਤਰ੍ਹਾਂ ਦੇ ਹਰਵੇ ਵਰਤੇ ਕੇਬਲ, ਟਰਾਂਸਪੋਰਟ ਅਤੇ ਮੀਡੀਆਂ ਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ ਕਬਜਾ ਕੀਤਾ। ਇਨ੍ਹਾਂ ਹੀ ਸਮਿਆਂ ਦੌਰਾਨ ਪੰਜਾਬ ਵਿੱਚ ਗੁੰਡਾਗਰਦੀ ਵੱਧੀ ਅਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ। ਪੰਜਾਬ ਵਿੱਚ ਨਸ਼ਿਆਂ ਦਾ ਚਲਣ ਵਧਿਆ।

2007 ਤੋਂ ਬਾਅਦ ਪੰਜਾਬ ਵਿੱਚ ਚਿੱਟੇ ਵਰਗੇ ਨਸ਼ਿਆਂ ਦਾ ਪ੍ਰਸਾਰ ਵਧਿਆ। 2017 ਤੋਂ ਬਾਅਦ ਕਾਂਗਰਸ ਸਰਕਾਰ ਨੇ ਇਸ ਮਾਫੀਏ ਨੂੰ ਨੱਥ ਪਾਉਣ ਦੀ ਬਜਾਏ ਆਪਣੀ ਨਿੱਜੀ ਰਿਸ਼ਤੇਦਾਰੀਆਂ ਨਿਭਾਈਆਂ ਕੋਈ ਕਾਰਵਾਈ ਨਹੀ ਕੀਤੀ। ਬਾਦਲ ਪਰਿਵਾਰ ਨੇ ਹਮੇਸ਼ਾਂ ਕਦੇ ਕੇਂਦਰ ਵਿੱਚ ਬੀਜੇਪੀ ਤੇ ਕਦੇ ਪੰਜਾਬ ਦੀ ਕਾਂਗਰਸ ਪਾਰਟੀ ਤੋਂ ਨਿੱਜੀ ਲਾਭ ਲਏ ਅਤੇ ਕੀਤੇ ਗਏ ਗਲਤ ਕੰਮਾਂ ਦੀ ਪੜਤਾਲ ਵੀ ਨਹੀ ਹੋਣ ਦਿੱਤੀ।

ਅੱਜ ਫਿਰ ਜਦੋਂ ਪੰਜਾਬ ਦੀਆਂ ਸੰਗਤਾਂ ਨੇ ਇਨ੍ਹਾਂ ਨੂੰ ਬਿਲਕੁਲ ਨਕਾਰ ਦਿੱਤਾ ਤਾਂ ਬੁਖਲਾਹਟ ਵਿੱਚ ਆਕੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਬੁੜਕਦੇ ਰਹੇ ਪਰ ਜਦੋਂ ਕਾਨੂੰਨ ਦਾ ਸ਼ਿਕੰਜਾ ਕੱਸਣ ਲੱਗਾ ਪਿਆ ਤਾਂ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਧਮਕੀਆਂ ਦੇਣ ਤੇ ਉਤਰ ਆਏ। ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਧਮਕੀ ਦੇਣਾ ਪੂਰੀ ਤਰ੍ਹਾਂ ਬੁਖਲਾਹਟ ਦੀ ਨਿਸ਼ਾਨੀ ਹੈ। ਸੁਖਬੀਰ ਸਿੰਘ ਬਾਦਲ ਅਤੇ ਨੇੜਲਿਆਂ ਵੱਲੋਂ ਕੀਤੇ ਗਏ ਕਾਰਨਾਮਿਆਂ ਤੋਂ ਪੰਜਾਬ ਦੇ ਲੋਕ ਭਲੀ ਭਾਂਤੀ  ਜਾਣੂ ਹਨ।

ਇਸੇ ਲਈ ਅੱਜ ਪੰਜਾਬ ਦੀ ਜਨਤਾ ਇਹਨਾਂ ਨੂੰ ਮੂੰਹ ਨਹੀ ਲਗਾ ਰਹੀ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਹੁਣ ਕਾਨੂੰਨ ਅਨੁਸਾਰ ਕੰਮ ਕਰ ਰਹੇ ਅਫਸਰਾਂ ਨੂੰ ਧਮਕੀ ਦੇਣਾ ਵੀ ਗੈਰ ਕਾਨੂੰਨੀ ਹੈ। ਅੱਜ ਬੁਖਲਾਹਟ ਅਤੇ ਪੈਸੇ ਦੇ ਹੰਕਾਰ ਕਾਰਨ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉੱਪਰ ਸਮਝਣ ਲੱਗ ਪਿਆ ਹੈ।

ਮੈਂ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਸੱਤਾਂ ਦੀ ਤਾਕਤ ਜਾ ਅਹੁਦੇ, ਜਾ ਪੈਸਾ ਕਾਨੂੰਨ ਤੋਂ ਉੱਪਰ ਨਹੀ ਹੈ। ਇਸ ਲਈ ਹੰਕਾਰ ਛੱਡ ਕੇ ਕਾਨੂੰਨ ਦਾ ਸਾਮ੍ਹਣਾ ਕਰੋ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਫਸਰਾਂ ਨੂੰ ਧਮਕੀਆਂ ਦੇਣੀਆਂ ਬੰਦ ਕਰੋ। ਆਮ ਆਦਮੀ ਪਾਰਟੀ ਕਾਨੂੰਨ ਲਾਗੂ ਕਰਨ ਵਾਲੇ ਅਫਸਰਾਂ ਨਾਲ ਚੱਟਾਣ ਵਾਂਗ ਖੜੇ ਹਨ।

Scroll to Top