ਪਟਿਆਲਾ, 25 ਸਤੰਬਰ – ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦਫ਼ਤਰ ਦਾ ਦੌਰਾ ਕਰਕੇ ਉੱਥੇ ਦੀਆਂ ਸਾਰੀਆਂ ਮਸ਼ੀਨਾ ਅਤੇ ਗੱਡੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪ੍ਰਦੂਸ਼ਣ ‘ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸੁੱਚੀ ਹਵਾ ਪ੍ਰਦਾਨ ਕਰਨ ਲਈ ਕਦਮ ਤੇਜ਼ੀ ਨਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਨਵਰਾਤਰੇ ਦੇ ਪਵਿੱਤਰ ਮੌਕੇ ਦੌਰਾਨ ਸ਼ਹਿਰ ਵਿੱਚ ਦੂਸਰੀ ਐਂਟੀ-ਸਮੋਕ ਮਸ਼ੀਨ ਚਲਾਈ ਜਾਵੇਗੀ।
ਮੇਅਰ ਗੋਗੀਆ ਨੇ ਕਿਹਾ ਕਿ ਪਟਿਆਲਾ ਵਾਸੀਆਂ ਦੀ ਸਿਹਤ ਨਗਰ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ। “ਪਹਿਲੀ ਐਂਟੀ-ਸਮੋਕ ਮਸ਼ੀਨ ਨਾਲ ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਧੂੜ ਅਤੇ ਧੂੰਏਂ ‘ਤੇ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ। ਹੁਣ ਦੂਸਰੀ ਮਸ਼ੀਨ ਦੇ ਆਉਣ ਨਾਲ ਇਹ ਮੁਹਿੰਮ ਹੋਰ ਤੇਜ਼ ਹੋਵੇਗੀ ਅਤੇ ਹੋਰ ਇਲਾਕਿਆਂ ਨੂੰ ਵੀ ਕਵਰ ਕੀਤਾ ਜਾ ਸਕੇਗਾ।” ਉਨ੍ਹਾਂ ਕਿਹਾ ਕਿ ਇਹ ਮਸ਼ੀਨ ਵਾਤਾਵਰਣ ਨੂੰ ਸਾਫ ਰੱਖਣ ਦੇ ਨਾਲ-ਨਾਲ ਸਾਹ ਸੰਬੰਧੀ ਬਿਮਾਰੀਆਂ ਤੋਂ ਬਚਾਵ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ।
ਇਸ ਮੌਕੇ ਮੇਅਰ ਨੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਐਂਟੀ-ਸਮੋਕ ਮਸ਼ੀਨਾਂ ਦੀ ਵਰਤੋਂ ਦੌਰਾਨ ਪੂਰੀ ਸੁਰੱਖਿਆ ਅਤੇ ਕਾਰਗੁਜ਼ਾਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਸਫਾਈ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਮੇਅਰ ਗੋਗੀਆ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਫਾਈ ਅਤੇ ਪ੍ਰਦੂਸ਼ਣ-ਰੋਕਥਾਮ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਦੇ ਯਤਨਾਂ ਵਿੱਚ ਸਾਥ ਦੇਣ ਅਤੇ ਸਾਫ-ਸੁਥਰਾ ਮਾਹੌਲ ਬਣਾਈ ਰੱਖਣ ਵਿੱਚ ਯੋਗਦਾਨ ਪਾਏਂ।
ਇਸ ਦੌਰੇ ਦੌਰਾਨ ਸੈਂਟਰੀ ਇੰਸਪੈਕਟਰ, ਨਿਗਮ ਟੀਮ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਮੇਅਰ ਨੂੰ ਮਸ਼ੀਨਾਂ ਅਤੇ ਵਿਭਾਗ ਦੀਆਂ ਹੋਰ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ।