ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ

ਪਟਿਆਲਾ, 25 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਕਲਾਵਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਸ਼੍ਰੀ ਰਾਜਿੰਦਰ ਸਿੰਘ ਸੋਹਲ (ਇੰਸਟ੍ਰਕਟਰ) ਦੀ ਅਗਵਾਈ ਵਿਚ ਲਗਭਗ 20 ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਜਿਨ੍ਹਾਂ ਵਿੱਚ ਪੇਂਟਿੰਗ, ਹਸਤ-ਕਲਾਵਾਂ, ਕੰਧ ਸਜਾਵਟ, ਈਨੂੰ ਬਣਾਉਣਾ, ਪੀੜ੍ਹੀਆਂ ਅਤੇ ਪੱਖੀਆਂ ਬੁਣਨਾ ਆਦਿ ਦੀ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦੌਰਾਨ ਤਿਆਰ ਕਲਾਤਮਕ ਨਮੂਨਿਆਂ ਦੀ ਪ੍ਰਦਰਸ਼ਨੀ ਲਗਾ ਕੇ ਵਿਭਾਗ ਦੇ ਹਾਲ ਨੂੰ ਸਜਾਇਆ ਗਿਆ।

ਵਿਦਾਇਗੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਇਹ ਕਲਾਵਾਂ ਪੀੜ੍ਹੀ-ਦਰ-ਪੀੜ੍ਹੀ ਸਾਡੇ ਜੀਵਨ ਅਤੇ ਸਭਿਆਚਾਰ ਦਾ ਅਟੁੱਟ ਅੰਗ ਰਹੀਆਂ ਹਨ। ਇਹ ਸਾਡੇ ਜੀਵਨ ਦੇ ਵਿਕਾਸ ਦਾ ਹਿੱਸਾ ਹਨ । ਨਵੀਂ ਪੀੜ੍ਹੀ ਨੂੰ ਇਹਨਾਂ ਕਲਾਵਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ।

ਇਸ ਸਮੇਂ ਡਾ. ਕੰਵਰ ਜਸਮਿੰਦਰਪਾਲ ਸਿੰਘ, ਰਿਟਾਇਰਡ ਪ੍ਰੋਫੈਸਰ ਸਟੇਟ ਕਾਲਜ ਪਟਿਆਲਾ, ਨੇ ਕਿਹਾ ਕਿ ਇਹ ਕਲਾਵਾਂ ਸਾਨੂੰ ਸਾਡੇ ਵਿਸ਼ਾਲ ਵਿਰਸੇ ਅਤੇ ਮਹਾਨ ਪਰੰਪਰਾ ਨਾਲ ਜੋੜਦੀਆਂ ਹਨ।

ਸੰਗੀਤ ਨਿਰਦੇਸ਼ਕ ਤ੍ਰਿਲੋਚਨ ਲੋਚੀ ਬਾਈ ਨੇ ਕਿਹਾ ਕਿ ਇਹ ਕੋਮਲ ਕਲਾਵਾਂ ਸੁਹਜਮਈ ਜੀਵਨ ਸਿਰਜਦੀਆਂ ਹਨ।

ਇਸ ਮੌਕੇ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਕਿਤਾਬਾਂ ਦਾ ਸੈੱਟ ਅਤੇ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਨਾਇਤ ਦੀ ਟੀਮ ਵੱਲੋਂ ਇਕ ਨੁੱਕੜ ਨਾਟਕ ਅਤੇ ਸੁਰਦੀਪ ਬਾਪਲਾ ਵੱਲੋਂ ਸਾਹਿਤਕ ਗੀਤਕਾਰੀ ਦੀ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਡਾ. ਹਰਿੰਦਰ ਕੌਰ ਹੁੰਦਲ (ਲੋਕ ਗਾਇਕਾ) ਵੱਲੋਂ ਕੀਤਾ ਗਿਆ। ਇਸ ਮੌਕੇ ਰਮਨਜੀਤ ਕੌਰ ਵੜੈਚ, ਸ਼੍ਰੀਮਤੀ ਰਜਨੀ ਇੰਦਰਬੀਰ ਸਿੰਘ, ਗੁਰਦੇਵ ਸਿੰਘ ਆਦਿ ਸ਼ਾਮਿਲ ਸਨ।

Scroll to Top