ਵਾਟਰ ਸਪਲਾਈ ਅਤੇ ਸੀਵਰੇਜ਼ ਚੋਰੀ ਦੇ ਕਨੈਕਸ਼ਨ ਜਲਦ ਕਰਵਾਏ ਜਾਣ ਰੈਗੂਲਰਾਈਜ਼ – ਮੇਅਰ

ਪਟਿਆਲਾ, 23 ਸਤੰਬਰ  – ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ਼ ਪ੍ਰਣਾਲੀ ਨੂੰ ਸੁਧਾਰਨ ਲਈ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਹੈ ਕਿ ਜਿਹੜੇ ਨਿਵਾਸੀ ਵਾਟਰ ਸਪਲਾਈ ਜਾਂ ਸੀਵਰੇਜ਼ ਦੇ ਗ਼ੈਰਕਾਨੂੰਨੀ ਕਨੈਕਸ਼ਨ ਲੈ ਕੇ ਬੈਠੇ ਹਨ, ਉਹਨਾਂ ਨੂੰ ਤੁਰੰਤ ਆਪਣੇ ਕਨੈਕਸ਼ਨ ਰੈਗੂਲਰ ਕਰਵਾ ਲੈਣੇ ਚਾਹੀਦੇ ਹਨਪ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਠੇਕੇਦਾਰ, ਅਧਿਕਾਰੀ ਜਾਂ ਕਰਮਚਾਰੀ ਦੀ ਸ਼ਮੂਲੀਅਤ ਜਾ ਇਸ ਪ੍ਰਤੀ ਅਣਗਹਿਲੀ ਕਰਨ ਵਾਲਿਆਂ ਖਿਲਾਫ਼ ਨਗਰ ਨਿਗਮ ਸਖ਼ਤ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਮੇਅਰ ਨੇ ਕਿਹਾ ਕਿ ਗੈਰਕਾਨੂੰਨੀ ਕਨੈਕਸ਼ਨਾਂ ਕਾਰਨ ਨਿਗਮ ਨੂੰ ਵੱਡੇ ਰਿਵਨਿਊ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸਦੇ ਨਾਲ ਨਾਲ ਪਾਣੀ ਦੀ ਸਪਲਾਈ ਵਿੱਚ ਅਸਮਾਨਤਾ ਅਤੇ ਸੀਵਰੇਜ਼ ਸਿਸਟਮ ਵਿੱਚ ਰੁਕਾਵਟਾਂ ਵੀ ਪੈਦਾ ਹੁੰਦੀਆਂ ਹਨ। “ਜਿਹੜੇ ਲੋਕ ਚੋਰੀ ਦੇ ਕਨੈਕਸ਼ਨਾਂ ਰਾਹੀਂ ਨਗਰ ਨਿਗਮ ਦੀਆਂ ਸੁਵਿਧਾਵਾਂ ਲੈ ਰਹੇ ਹਨ, ਉਹ ਸੱਚੇ ਟੈਕਸਦਾਤਿਆਂ ਨਾਲ ਨਿਆਂ ਨਹੀਂ ਕਰ ਰਹੇ। ਇਸ ਲਈ ਇਹ ਲਾਜ਼ਮੀ ਹੈ ਕਿ ਸਾਰੇ ਕਨੈਕਸ਼ਨ ਜਲਦ ਤੋਂ ਜਲਦ ਨਿਯਮਾਂ ਅਨੁਸਾਰ ਰੈਗੂਲਰ ਕੀਤੇ ਜਾਣ,” ਮੇਅਰ ਨੇ ਕਿਹਾ।

ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਕਿ ਇਸ ਸਬੰਧੀ ਵਿਸ਼ੇਸ਼ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਲੋਕਾਂ ਨੂੰ ਸਮਝਾਇਆ ਜਾਵੇ ਕਿ ਜੇਕਰ ਉਹ ਖੁਦ ਆਪਣੇ ਕਨੈਕਸ਼ਨ ਨਿਯਮਿਤ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਦੇ ਵਿਰੁੱਧ ਜੁਰਮਾਨਾ ਲਾਇਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਮੇਅਰ ਗੋਗੀਆ ਨੇ ਪਟਿਆਲਾ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਨੈਕਸ਼ਨ ਤੁਰੰਤ ਨਗਰ ਨਿਗਮ ਦਫ਼ਤਰ ਵਿੱਚ ਜਾ ਕੇ ਰੈਗੂਲਰ ਕਰਵਾਉਣ। ਇਸ ਨਾਲ ਨਾ ਸਿਰਫ਼ ਸ਼ਹਿਰ ਦੀ ਵਾਟਰ ਸਪਲਾਈ ਅਤੇ ਸੀਵਰੇਜ਼ ਪ੍ਰਣਾਲੀ ਹੋਰ ਸੁਧਰੇਗੀ ਬਲਕਿ ਨਗਰ ਨਿਗਮ ਦੇ ਵਿਕਾਸ ਕਾਰਜਾਂ ਲਈ ਰਿਵਨਿਊ ਵਿੱਚ ਵੀ ਵਾਧਾ ਹੋਵੇਗਾ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਦੇ ਨਾਲ ਐਮ.ਸੀ. ਗਿਆਨਚੰਦ, ਐਮ.ਸੀ. ਮਨਦੀਪ ਸਿੰਘ ਵੀਰਦੀ, ਐਮ.ਸੀ. ਗੁਰ ਕ੍ਰਿਪਾਲ ਸਿੰਘ, ਐਮ.ਸੀ. ਨਿਸ਼ਾਂਤ, ਐਮ.ਸੀ. ਮੋਹਿਤ ਕੁਕਰੇਜਾ ਅਤੇ ਐਮ.ਸੀ. ਰੁਪਾਲੀ ਗਰਗ ਵੀ ਮੌਜੂਦ ਸਨ।
Scroll to Top