ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਲਗਾਈ ਜਾਂਦੀ ਹੈ ਐਂਟੀ ਰੇਬੀਜ਼ ਵੈਕਸੀਨ

ਪਟਿਆਲਾ, 22 ਜੁਲਾਈ : ਸਿਵਲ ਸਰਜਨ ਪਟਿਆਲਾ ਡਾ· ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਹਲਕਾਅ ਸਬੰਧੀ ਟੀਕੇ ਆਮ ਆਦਮੀ ਕਲੀਨਿਕਾਂ ਤੋਂ ਇਲਾਵਾ ਸਾਰੀਆਂ ਸੀਐਚਸੀਜ਼ ਤੇ ਸਿਵਲ ਹਸਪਤਾਲਾਂ ਵਿੱਚ ਵੀ ਲਗਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ· ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇਂ ਅਣਗਿਹਲੀ ਨਹੀਂ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਲਾ-ਇਲਾਜ ਬਿਮਾਰੀ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹਲਕਾਅ ਦੇ ਤਕਰੀਬਨ 99 ਪ੍ਰਤੀਸ਼ਤ ਮਾਮਲੇ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ ਅਤੇ ਵੱਡਿਆਂ ਦੇ ਮੁਕਾਬਲੇ ਬੱਚੇ ਕੁੱਤੇ ਦੇ ਕੱਟਣ ਤੋਂ ਅਣਜਾਣ ਅਤੇ ਬਿਮਾਰੀ ਪ੍ਰਤੀ ਜਾਗਰੂਕ ਨਾ ਹੋਣ ਕਾਰਣ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰੇਬੀਜ਼ ਬਿਮਾਰੀ ਤੋਂ ਬਚਾਅ ਲਈ ਕੁੱਤਿਆਂ ਜਾਨਵਰਾਂ ਦੇ ਕੱਟਣ ਤੇਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਐਂਟੀ ਰੇਬੀਜ਼ ਸੀਰਮ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨਾਂ੍ਹ ਘਰਾਂ ਵਿਚ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਣ ਜ਼ਰੂਰ ਕਰਵਾਉਣ।

ਇਸ ਮੌਕੇ ਜਿਲ੍ਹਾ ਐਪਿਡੇਮੌਲੋਜਿਸਟ ਡਾ·ਸੁਮਿਤ ਨੇ ਕਿਹਾ ਕਿ ਹਲਕਾਅ ਦਾ ਕੋਈ ਇਲਾਜ ਨਹੀ, ਸਿਰਫ ਬਚਾਅ ਲਈ ਉਪਰਾਲੇ ਹੀ ਸੰਭਵ ਹਨ। ਉਨ੍ਹਾਂ ਕਿਹਾ ਕਿ ਰੋਸ਼ਨੀ, ਅਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਬੇਹੋਸ਼ ਹੋ ਜਾਣਾ ਆਦਿ ਹਲਕਾਅ ਦੇ ਲੱਛਣ ਹਨ ਅਤੇ ਕਈ ਵਾਰੀ ਅਣਗਿਹਲੀ ਵਰਤਣ ਤੇਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਦੇਸੀ ਟੋਟਕਿਆਂ ਦੀ ਬਜਾਏ ਸਹੀ ਇਲਾਜ ਕਰਾਉਣਾ ਚਾਹੀਦਾ ਹੈ।

ਕੁੱਤੇ, ਜਾਨਵਰ ਦੇ  ਕੱਟਣ ਉੱਤੇ ਜ਼ਖਮ ਉੱਪਰ ਮਿਰਚਾ ਜਾਂ ਸੁਰਮਾ ਵਗੈਰਾ ਨਹੀ ਲਗਾਉਣਾ ਚਾਹੀਦਾ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ ਬਲਕਿ ਫਸਟ ਏਡ ਦੇ ਤੌਰ ਉੱਤੇ ਜ਼ਖਮ ਨੂੰ ਵਗਦੇ ਪਾਣੀ ਵਿਚ ਟੂਟੀ ਥੱਲੇ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦਾ ਰਿਸਕ ਕਾਫੀ ਘੱਟ ਜਾਂਦਾ ਹੈ।ਇਸ ਉਪਰੰਤ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਕੁੱਤੇੇ ਜਾਂ ਜਾਨਵਰ ਦੇ ਕੱਟਣ ਤੇ ਬਿਮਾਰੀ ਤੋਂ ਬਚਾਅ ਦੇ ਲਈ ਐਂਟੀ ਰੇਬੀਜ਼ ਦੇ ਟੀਕੇ ਲਗਵਾਉਣੇ ਅਤਿ ਜ਼ਰੂਰੀ ਹਨ।ਜਿਸ ਨਾਲ ਰੇਬੀਜ਼ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

ਉਨ੍ਹਾਂ ਆਖਿਆ ਕਿ ਕੁੱਤੇ ਜਾਂ ਕਿਸੇ ਜਾਨਵਰ ਦੇ ਕੱਟਣ ਉੱਤੇ ਐਂਟੀ ਰੇਬੀਜ਼ ਸੀਰਮ ਦੀਆਂ ਚਾਰ ਡੋਜ਼ਾਂ ਲੁਆਣੀਆਂ ਜ਼ਰੂਰੀ ਹਨ। ਐਂਟੀ ਰੇਬੀਜ਼ ਦੀ ਪਹਿਲੀ ਡੋਜ਼ ਸੀਐਚਸੀਜ਼ ਅਤੇ ਸਿਵਲ ਹਸਪਤਾਲਾਂ ਵਿੱਚ ਮੁਫਤ ਲਗਾਈ ਜਾਂਦੀ ਹੈ ਤੇ ਬਾਕੀ ਦੀਆਂ ਤਿੰਨ ਡੋਜ਼ਾਂ ਆਮ ਆਦਮੀ ਕਲੀਨਿਕਾਂ ਵਿੱਚ ਲਗਾਈਆਂ ਜਾਂਦੀਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਰਕਾਰੀ ਸਿਹਤ ਸੰਸਥਾਂਵਾਂ ਵਿੱਚ ਐਂਟੀ ਰੇਬੀਜ਼ ਵੈਕਸੀਨ ਉਚਿਤ ਮਾਤਰਾ ਵਿੱਚ ਮੌਜੂਦ ਹੈ।

Leave a Comment

Your email address will not be published. Required fields are marked *

Scroll to Top