ਪਟਿਆਲਾ, 18 ਜੁਲਾਈ – ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਮਹਿਲਾ ਕਰਮਚਾਰੀ ਮੰਚ ਵੱਲੋਂ ‘ਤੀਆਂ ਤੀਜ ਦੀਆਂ’ ਨਾਮਕ ਸਮਾਗਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਹੋਏ ਇਸ ਸੱਭਿਆਚਾਰਕ ਸਮਾਗਮ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ। ਹਰ ਸਾਲ ਹੁੰਦੇ ਇਸ ਸਮਾਗਮ ਦੀ ਰਵਾਇਤ ਅਨੁਸਾਰ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੇ ਹਮਸਫ਼ਰ ਡਾ. ਸੁਖਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਡਾ. ਜਗਦੀਪ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਪੱਖੋਂ ਵੱਖ-ਵੱਖ ਢੰਗਾਂ ਨਾਲ਼ ਬਾਖ਼ੂਬੀ ਕਾਰਜ ਕਰ ਰਹੀ ਹੈ। ਜਿੱਥੇ ਇੱਕ ਪਾਸੇ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਇਨ੍ਹਾਂ ਵਿਸਿ਼ਆਂ ਉੱਤੇ ਅਕਾਦਮਿਕ ਅਤੇ ਖੋਜ ਪੱਧਰ ਦਾ ਕਾਰਜ ਹੋ ਰਿਹਾ ਹੈ ਉੱਥੇ ਹੀ ਅਜਿਹੇ ਪ੍ਰੋਗਰਾਮਾਂ ਰਾਹੀਂ ਸੱਭਿਆਚਾਰ ਅਤੇ ਵਿਰਾਸਤ ਨਾਲ਼ ਜੁੜੀਆਂ ਵੱਖ-ਵੱਖ ਵੰਨਗੀਆਂ ਦਾ ਪ੍ਰਸਾਰ ਵੀ ਹੁੰਦਾ ਹੈ।
ਡਾ. ਸੁਖਜੀਤ ਕੌਰ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ‘ਤੀਆਂ’ ਦੇ ਸੱਭਿਆਚਾਰਕ ਮਹੱਤਵ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਜਿ਼ੰਦਗੀ ਵਿੱਚ ਆਪੋ ਆਪਣੇ ਖੇਤਰ ਵਿੱਚ ਤਰੱਕੀ ਕਰਨ ਦੇ ਨਾਲ਼ ਨਾਲ਼ ਆਪਣੇ ਮਹਾਨ ਵਿਰਸੇ ਨਾਲ਼ ਵੀ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰਸੇ ਨਾਲ਼ ਜੁੜ ਕੇ ਰਹਿਣਾ ਆਪਣੀਆਂ ਜੜਾਂ ਨਾਲ਼ ਜੁੜ ਕੇ ਰਹਿਣ ਵਾਂਗ ਹੈ ਜੋ ਸਾਨੂੰ ਮਾਨਸਿਕ ਤੌਰ ਉੱਤੇ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ।
ਸਮਾਗਮ ਦੌਰਾਨ ਗਿੱਧਾ, ਬੋਲੀਆਂ, ਗੀਤ ਆਦਿ ਨਾਲ਼ ਸਬੰਧਤ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਸਮਾਗਮ ਦੇ ਪ੍ਰਬੰਧਕਾਂ ਵਿੱਚ ਦੇਵਕੀ ਦੇਵੀ, ਭੁਪਿੰਦਰ ਕੌਰ, ਜਸਬੀਰ ਕੌਰ, ਅਮਰਜੀਤ ਕੌਰ, ਰਜਨੀ, ਰੇਨੂ, ਜਸਵਿੰਦਰ ਕੌਰ, ਡਾ. ਰੇਗੀਨਾ ਮੈਣੀ, ਸੁਖਵਿੰਦਰ ਬਿੱਟੀ, ਮੀਨਾ ਗਰਗ ਆਦਿ ਸ਼ਾਮਿਲ ਸਨ।
ਸਮਾਗਮ ਦੇ ਪ੍ਰਬੰਧਕਾਂ ਵਿੱਚ ਦੇਵਕੀ ਦੇਵੀ, ਭੁਪਿੰਦਰ ਕੌਰ, ਜਸਬੀਰ ਕੌਰ, ਅਮਰਜੀਤ ਕੌਰ, ਰਜਨੀ, ਰੇਨੂ, ਜਸਵਿੰਦਰ ਕੌਰ, ਡਾ. ਰੇਗੀਨਾ ਮੈਣੀ, ਸੁਖਵਿੰਦਰ ਬਿੱਟੀ, ਮੀਨਾ ਗਰਗ ਆਦਿ ਸ਼ਾਮਿਲ ਸਨ।