ਪਟਿਆਲਾ, 12 ਜੁਲਾਈ– ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਮੰਡੀਆਂ ਦੇ ਵਿਕਾਸ ਕਾਰਜ ਜੋਰਾਂ ਨਾਲ ਚੱਲ ਰਹੇ ਹਨ। ਇਸੇ ਲੜੀ ਤਹਿਤ ਸਬਯਾਰਡ ਮਹਿਮਦਪੁਰ ਵਿਖੇ ਮੰਡੀ ਦੇ ਨਿਰਮਾਣ ਕਾਰਜ ਵੀ ਚੱਲ ਰਹੇ ਹਨ। ਜਿਨ੍ਹਾਂ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸ਼ਨਿਵਾਰ ਨੂੰ ਜਾਇਜਾ ਲਿਆ ਗਿਆ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਪਿੰਡ ਮਹਿਮਦਪੁਰ ਵਿਖੇ ਸਬ ਯਾਰਡ ਮਹਿਮਦਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਸ. ਬਰਸਟ ਨੇ ਮੰਡੀ ਦੇ ਚਲ ਰਹੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਤੋਂ ਮੰਡੀ ਦੇ ਚੱਲ ਨਿਰਮਾਣ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।
ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਮੰਡੀ ਵਿੱਚ ਮਿੱਟੀ ਪਾਉਣ ਦਾ ਕੰਮ ਚਲ ਰਹੀ ਹੈ, ਜੋ ਕਿ ਜਲਦ ਹੀ ਪੂਰਾ ਹੋ ਜਾਵੇਗਾ। ਜਦਕਿ ਬਾਕੀ ਰਹਿੰਦੇ ਕੰਮ ਵੀ ਜਲਦ ਹੀ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਚੇਅਰਮੈਨ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਨ੍ਹਾਂ ਨਿਰਮਾਣ ਕਾਰਜਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਤਾਂ ਜੋ ਆਸ-ਪਾਸ ਦੇ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ।
ਇੱਥੇ ਦੱਸਣਯੋਗ ਹੈ ਕਿ ਸ. ਬਰਸਟ ਦੇ ਕਹਿਣ ਤੇ ਪਿੰਡ ਮਹਿਮਦਪੁਰ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਮੰਡੀ ਵਿਕਸਿਤ ਕਰਨ ਲਈ ਮੰਡੀ ਬੋਰਡ ਨੂੰ ਜਮੀਨ ਦਾਨ ਕੀਤੀ ਗਈ। ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮਹਿਮਦਪੁਰ ਦੇ ਆਲੇ-ਦੁਆਲੇ ਕੋਈ ਵੀ ਇੰਡਸਟਰੀ ਜਾਂ ਫੈਕਟਰੀ ਨਹੀਂ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇੱਥੇ ਸਬ-ਯਾਰਡ ਵੱਜੋਂ ਮੰਡੀ ਵਿਕਸਤ ਕੀਤੀ ਜਾ ਰਹੀ ਹੈ। ਇਸਦੇ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਉੱਥੇ ਹੀ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਜਿਣਸਾਂ ਦਾ ਸਹੀ ਮੁੱਲ ਮਿਲ ਸਕੇਗਾ ਅਤੇ ਜਿਣਸ ਬੇਚਣ ਲਈ ਜਿਆਦਾ ਦੂਰ ਨਹੀਂ ਜਾਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਮਹਿਮਦਪੁਰ ਮੰਡੀ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਹੋਣ ਕਰਕੇ ਇਸਦੇ 25 ਕਿਲੋਮੀਟਰ ਦੇ ਰੇਡੀਅਸ ਵਿੱਚ ਇਲਾਕੇ ਦੇ ਕਰੀਬ 40 ਹਜਾਰ ਕਿਸਾਨਾਂ ਨੂੰ ਫ਼ਲ ਅਤੇ ਸਬਜੀਆਂ ਬੀਜਣ ਵੱਲ ਪ੍ਰੇਰਿਤ ਕੀਤਾ ਜਾ ਸਕੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਸੁਨਹਿਰਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸ਼ੈੱਡਾਂ ਦਾ ਕੰਮ ਹੋ ਚੁੱਕਾ ਹੈ ਅਤੇ ਮਿੱਟੀ ਪਾਉਣ ਦਾ ਕੰਮ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਹਰਿੰਦਰ ਸਿੰਘ ਧਬਲਾਨ, ਨਰਿੰਦਰ ਸਿੰਘ ਬਰਸਟ ਸਰਪੰਚ ਪਿੰਡ ਬਰਸਟ, ਮਨਪ੍ਰੀਤ ਸਿੰਘ ਸਰਪੰਚ ਪਿੰਡ ਵਜੀਦਪੁਰ, ਰਾਮ ਸਿੰਘ ਸਰਪੰਚ ਫਤਿਹਪੁਰ, ਚਮਕੌਰ ਸਿੰਘ ਸਾਬਕਾ ਸਰਪੰਚ ਪਿੰਡ ਚੂਹੜਪੁਰ, ਗੋਪੀ ਸਿੱਧੂ, ਕੁਲਵੰਤ ਸਿੰਘ ਪੰਚਾਇਤ ਮੈਂਬਰ ਬਰਸਟ, ਜੋਗਿੰਦਰ ਸਿੰਘ, ਗੁਣਜੀਤ ਸਿੰਘ ਸਮੇਤ ਪਿੰਡ ਵਾਸੀ ਹਾਜਰ ਰਹੇ। ਇਸਦੇ ਨਾਲ ਹੀ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨਿਅਰ, ਸਤਨਾਮ ਸਿੰਘ ਐਸ.ਡੀ.ਓ., ਅਸ਼ਵਨੀ ਕੁਮਾਰ ਜੇ.ਈ., ਪੰਕਜ ਮਹਿਰਾ ਜੇ.ਈ. ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।