ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ, ਸਮਾਲ ਸਕੇਲ ਇੰਡਸਟਰੀਜ਼ ਅਤੇ ਮਕਾਨ ਮਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ, ਸਮਾਲ ਸਕੇਲ ਇੰਡਸਟਰੀਜ਼ ਅਤੇ ਮਕਾਨ ਮਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਸੰਗਰੂਰ, 3 ਜਨਵਰੀ : ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ. ਐਨ. ਐਸ. ਐਸ.), 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼, ਸ਼ਹਿਰੀ, ਪੇਂਡੂ, ਰਿਹਾਇਸ਼ੀ ਮਕਾਨ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੀਆਂ ਫਰਮਾਂ ਵਿੱਚ ਅਤੇ ਰਿਹਾਇਸ਼ੀ ਘਰਾਂ ਵਿੱਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ, ਕਿਰਾਏਦਾਰ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਫੋਟੋ ਕਾਪੀ ਆਪਣੇ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਤੁਰੰਤ ਦਰਜ ਕਰਵਾਉਣ ਅਤੇ ਮਜ਼ਦੂਰ ਸ਼ੁਰੂ ਵਿੱਚ ਹੀ ਲਿਖ ਕੇ ਦੇਣ ਕਿ ਉਹ ਆਪਣੀ ਮਰਜ਼ੀ ਨਾਲ ਕੰਮ ‘ਤੇ ਲੱਗੇ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਵਿੱਚ ਜ਼ਿਆਦਾਤਰ ਦੂਸਰੇ ਸੂਬਿਆਂ ਅਤੇ ਇਕ ਸਥਾਨ ਤੋਂ ਦੂਜੇ ਸਥਾਨ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੇਬਰ ਵਜੋਂ ਰੱਖਿਆ ਜਾਂਦਾ ਹੈ । ਅਜਿਹੀ ਲੇਬਰ ਦਾ ਕੋਈ ਪਤਾ ਰਿਕਾਰਡ ਨਹੀ ਰੱਖਿਆ ਜਾਂਦਾ ਜਿਸ ਨਾਲ ਜ਼ੁਰਮ ਹੋਣ ’ਤੇ ਦੋਸ਼ੀਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ । ਇਸ ਤੋਂ ਇਲਾਵਾ ਸ਼ਹਿਰੀ, ਪੇਂਡੂ ਇਲਾਕਿਆਂ ਵਿੱਚ ਬਾਹਰੋਂ ਆ ਕੇ ਕਿਰਾਏਦਾਰ ਰਹਿੰਦੇ ਹਨ ਤਾਂ ਮਕਾਨ ਮਾਲਕ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਸਬੰਧਤ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੂੰ ਆਪਣੇ ਕਿਰਾਏਦਾਰ ਸਬੰਧੀ ਸੂਚਿਤ ਕਰਨ । ਇਸ ਤੋਂ ਇਲਾਵਾ ਪਿੰਡਾਂ ਦੇ ਚੌਕੀਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਆ ਕੇ ਪਿੰਡ ਵਿੱਚ ਵਸਦਾ ਹੈ ਤਾਂ ਉਸ ਸਬੰਧੀ ਆਪਣੇ ਸਬੰਧਤ ਥਾਣੇ ਵਿੱਚ ਸੂਚਿਤ ਕਰਨ। ਇਹ ਹੁਕਮ 24 ਫਰਵਰੀ 2025 ਤੱਕ ਲਾਗੂ ਰਹੇਗਾ ।

Leave a Comment

Your email address will not be published. Required fields are marked *

Scroll to Top