7ਮੇਅਰ ਤੇ ਕਮਿਸ਼ਨਰ ਪੂਨਮ ਸਿਆਲ ਵੱਲੋਂ “ਕਲੀਨ ਪਟਿਆਲਾ, ਗ੍ਰੀਨ ਪਟਿਆਲਾ” ਮੁਹਿੰਮ ਦਾ ਪੋਸਟਰ ਜਾਰੀ

ਪਟਿਆਲਾ, 19 ਜੂਨ – ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਨੂੰ ਅੱਜ ਉਸ ਵੇਲੇ ਹੋਰ ਵੱਡਾ ਹੁੰਗਾਰਾ ਮਿਲਿਆ, ਜਦੋਂ ਨਗਰ ਨਿਗਮ ਪਟਿਆਲਾ ਦੀ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਨਮ ਸਿਆਲ ਅਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਹੋਰ ਨੇ ਸਾਂਝੇ ਤੌਰ ‘ਤੇ ਨਾਮੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਪਟਿਆਲਾ ਵੱਲੋਂ ਤਿਆਰ ਕੀਤਾ ਵਿਸ਼ੇਸ਼ ਪੋਸਟਰ “ਕਲੀਨ ਪਟਿਆਲਾ, ਗ੍ਰੀਨ ਪਟਿਆਲਾ” ਜਾਰੀ ਕੀਤਾ।
ਪੋਸਟਰ ਜਾਰੀ ਕਰਨ ਮਗਰੋਂ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ 1 ਜੂਨ ਤੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਪਾਰਕਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਵਿਸ਼ੇਸ਼ ਸਾਫ਼-ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਆਉਂਦੀ 21 ਜੂਨ (ਦਿਨ ਐਤਵਾਰ) ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਸ ਖ਼ਾਸ ਦਿਨ ‘ਤੇ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਦੇਖਭਾਲ, ਸਫ਼ਾਈ ਅਤੇ ਵਾਤਾਵਰਣ ਸੁਧਾਰ ‘ਤੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਵੱਖ-ਵੱਖ ਸੁਸਾਇਟੀਆਂ/ਸੰਸਥਾਵਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਦਰਜਾ ਦੇ ਕੇ ਵਿਸ਼ੇਸ਼ ‘ਗ੍ਰੀਨ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ ਬਾਕੀ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਹੌਸਲਾ-ਅਫ਼ਜ਼ਾਈ ਲਈ ਸਰਟੀਫਿਕੇਟ ਦਿੱਤੇ ਜਾਣਗੇ।
ਨਿਗਮ ਅਧਿਕਾਰੀਆਂ ਨੇ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਮੇਅਰ ਨੇ ਕਿਹਾ ਕਿ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਿਛਲੇ ਦੋ ਦਹਾਕਿਆਂ 20 ਸਾਲਾਂ ਤੋਂ “ਹਰ ਮਨੁੱਖ ਲਾਵੇ ਦੋ ਰੁੱਖ” ਲਹਿਰ ਚਲਾ ਕੇ ਅਤੇ ਨਿਗਮ ਨਾਲ ਮਿਲ ਕੇ ਪਾਰਕਾਂ ਦੀ ਸਫ਼ਾਈ, ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ। ਉਨ੍ਹਾਂ ਸਮੂਹ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਨਾਲ ਜੁੜਨ ਤਾਂ ਜੋ ਇੱਕ ਸੁੰਦਰ ਪਟਿਆਲਾ ਸਿਰਜਿਆ ਜਾ ਸਕੇ।
Scroll to Top