ਚੰਡੀਗੜ੍ਹ, 17 ਅਪ੍ਰੈਲ 2026 : ਹਰਿਆਣਾ ਵਿੱਚ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੇ ਵਿਭਾਗਾਂ ਨੂੰ 2030 ਤੱਕ ਸਪੱਸ਼ਟ ਟੀਚੇ ਨਿਰਧਾਰਤ ਕਰਨ ਅਤੇ ਉਨ੍ਹਾਂ ਦੀ ਸਮੇਂ-ਸਿਰ ਪ੍ਰਾਪਤੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸਿਰਫ਼ ਯੋਜਨਾਵਾਂ ਬਣਾਉਣਾ ਹੀ ਕਾਫ਼ੀ ਨਹੀਂ, ਬਲਕਿ ਉਨ੍ਹਾਂ ਦੀ ਨਿਯਮਿਤ ਸਮੀਖਿਆ ਕਰਕੇ ਲਾਭ ਸਿੱਧੇ ਲੋਕਾਂ ਤੱਕ ਪਹੁੰਚਾਉਣਾ ਲਾਜ਼ਮੀ ਹੈ।
ਇਹ ਨਿਰਦੇਸ਼ ਉਨ੍ਹਾਂ ਨੇ ਸਕੱਤਰੇਤ ਵਿੱਚ ਹੋਈ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਦਿੱਤੇ, ਜਿਸ ਵਿੱਚ ਹਰਿਆਣਾ ਇੰਸਟੀਚਿਊਟ ਆਫ ਫਾਈਨਾਂਸ਼ੀਅਲ ਮੈਨੇਜਮੈਟ ਨਾਲ ਸੰਬੰਧਿਤ ਪੰਜ ਸਾਲਾ ਲਾਗੂ ਕਰਨ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਰੋਡਮੈਪ ‘ਤੇ ਵੀ ਵਿਸਥਾਰ ਨਾਲ ਚਰਚਾ ਹੋਈ।
ਇਸ ਮੌਕੇ ਮੁੱਖ ਮੰਤਰੀ ਨੇ “ਵਿਜ਼ਨ ਟੂ ਐਕਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ” ਨਾਮਕ ਇਕ ਨਵਾਂ ਟੂਲ ਵੀ ਲਾਂਚ ਕੀਤਾ, ਜੋ ਵਿਭਾਗਾਂ ਨੂੰ ਆਪਣੇ ਟੀਚਿਆਂ ਦੀ ਯੋਜਨਾ ਬਣਾਉਣ ਅਤੇ ਪ੍ਰਗਤੀ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ।