ਹਰਪਾਲ ਸਿੰਘ ਫਤਿਹਪੁਰ ਵੱਲੋਂ 50 ਲੱਖ ਰੁਪਏ ਦੀ ਜ਼ਮੀਨ ਦਾਨ ਦੇਣਾ ਇੱਕ ਮਿਸਾਲੀ ਅਤੇ ਸ਼ਲਾਘਾਯੋਗ ਕਦਮ: ਬਰਸਟ
ਪਟਿਆਲਾ, 27 ਜੁਲਾਈ 2026 : ਹਲਕਾ ਸਮਾਣਾ ਦੇ ਅਧੀਨ ਆਉਂਦੇ ਪਿੰਡ ਫਤਿਹਪੁਰ ਵਿਖੇ ਅੱਜ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ. ਹਰਪਾਲ ਸਿੰਘ ਫਤਿਹਪੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਿਨ੍ਹਾਂ ਵੱਲੋਂ ਇਲਾਕੇ ਦੇ ਵਿਕਾਸ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਆਪਣੀ ਕਰੀਬ 50 ਲੱਖ ਰੁਪਏ ਦੀ ਕੀਮਤ ਵਾਲੀ ਜ਼ਮੀਨ ਪੰਜਾਬ ਮੰਡੀ ਬੋਰਡ ਨੂੰ ਬਿਨਾਂ ਕਿਸੇ ਸਵਾਰਥ ਦੇ ਦਾਨ ਦਿੱਤੀ ਗਈ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸ. ਹਰਪਾਲ ਸਿੰਘ ਫਤਿਹਪੁਰ ਵਰਗੀਆਂ ਸ਼ਖਸੀਅਤਾਂ ਸਮਾਜ ਦਾ ਮਾਣ ਹਨ, ਜੋ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕ ਭਲਾਈ ਅਤੇ ਇਲਾਕੇ ਦੇ ਵਿਕਾਸ ਬਾਰੇ ਸੋਚਦੇ ਹਨ। 50 ਲੱਖ ਰੁਪਏ ਦੀ ਜ਼ਮੀਨ ਮੰਡੀ ਬੋਰਡ ਨੂੰ ਦਾਨ ਦੇਣਾ ਇੱਕ ਬਹੁਤ ਵੱਡਾ ਅਤੇ ਮਿਸਾਲੀ ਕਦਮ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਵੱਡਾ ਲਾਭ ਮਿਲੇਗਾ
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਸੂਬੇ ਦੇ ਪਿੰਡਾਂ ਅਤੇ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਅਜਿਹੇ ਸਮਾਜਿਕ ਸਹਿਯੋਗ ਨਾਲ ਸਰਕਾਰੀ ਯੋਜਨਾਵਾਂ ਨੂੰ ਹੋਰ ਵਧੇਰੀ ਤੇਜ਼ੀ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਸਕਦਾ ਹੈ।