ਸੰਸਦ ਮੈਬਰ ਅੰ‌ਮ੍ਰਿਤਪਾਲ ਖਿਲਾਫ ਅਜਨਾਲਾ ਥਾਣਾ ਮਾਮਲੇ ‘ਚ ਹੋਏ ਦੋਸ਼ ਤੈਅ

ਅੰਮ੍ਰਿਤਸਰ, 15 ਮਈ 2026 : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਉਸ ਸਮੇ ਵੱਡਾ ਝਟਕਾ ਲਗਾ , ਜਦੋ ਅਜਨਾਲਾ ਥਾਣਾ ਮਾਮਲੇ ਸਬੰਧੀ ਉਨਾ ਖਿਲਾਫ ਦੋਸ਼ ਤੈਅ ਹੋ ਗਏ, ਜਿਸ ਕਾਰਨ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਕਾਰਵਾਈ ਅੱਗੇ ਵਧਾਈ ਜਾਵੇਗੀ।

ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੀ ਅਦਾਲਤ ਨੇ ਫਰਵਰੀ 2023 ਦੌਰਾਨ ਅਜਨਾਲਾ ਪੁਲਿਸ ਥਾਣੇ ਵਿੱਚ ਹੋਈ ਘਟਨਾ ਸਬੰਧੀ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ ਹਨ। ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ। ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ।

ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਰੀਤੂ ਰਾਏ ਸੰਧੂ ਨੇ ਦਲੀਲ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਕੋਲੋਂ ਕਿਸੇ ਵੀ ਕਿਸਮ ਦਾ ਹਥਿਆਰ ਬਰਾਮਦ ਨਹੀਂ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਆਰਮਜ਼ ਐਕਟ ਅਤੇ ਸਬੂਤ ਨਸ਼ਟ ਕਰਨ ਨਾਲ ਸਬੰਧਿਤ ਧਾਰਾਵਾਂ ਨੂੰ ਕੇਸ ਵਿੱਚੋਂ ਹਟਾ ਦਿੱਤਾ।

ਹਾਲਾਂਕਿ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਪਹੁੰਚਾਉਣ, ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣ, ਅਪਰਾਧਿਕ ਸਾਜ਼ਿਸ਼ ਰਚਣ, ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਗੈਰਕਾਨੂੰਨੀ ਭੀੜ ਦੀ ਅਗਵਾਈ ਕਰਦਿਆਂ ਧਮਕੀਆਂ ਦੇਣ ਵਰਗੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ।

 

Scroll to Top