ਸੀਵਰੇਜ ਦੀ ਗੈਸ ਚੜਨ ਕਾਰਨ ਦੋ ਵਿਅਕਤੀਆਂ ਦੀ ਹੋਈ ਮੌਤ
ਪਟਿਆਲਾ, 28 ਜੁਲਾਈ : ਇਥੋ ਦੇ ਵਿਕਾਸ ਨਗਰ ਵਿਖੇ ਅੱਜ ਨਾਲੇ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਜਿਸ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਹਥਾਂ ਪੈਰਾਂ ਦੀ ਪੈ ਗਈ।
ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿਚ ਮ੍ਰਿਤਕਾਂ ਦੀ ਪਛਾਣ ਭੋਲਾ ਰਾਮ (41 ਸਾਲ) ਅਤੇ ਸੰਨੀ (36 ਸਾਲ) ਵਜੋਂ ਹੋਈ ਹੈ, ਜੋ ਕਿ ਦੋਵੇਂ ਵਿਕਾਸ ਨਗਰ ਦੇ ਹੀ ਰਹਿਣ ਵਾਲੇ ਸਨ। ਵਿਕਾਸ ਨਗਰ ਦਾ ਸੀਵਰੇਜ ਕਈ ਦਿਨਾਂ ਤੋ ਜਾਮ ਹੋਇਆ ਪਿਆ ਸੀ। ਇਲਾਕਾ ਵਾਸੀਆਂ ਦੇ ਕਹਿਣ ‘ਤੇ ਇਹ ਦੋਵੇਂ ਨੌਜਵਾਨ ਜਾਮ ਨਾਲੇ ਨੂੰ ਖੋਲ੍ਹਣ ਲਈ ਸਫ਼ਾਈ ਕਰਨ ਲੱਗੇ। ਹਾਲਾਂਕਿ, ਇਹ ਦੋਵੇਂ ਪੇਸ਼ੇ ਤੋਂ ਸਰਕਾਰੀ ਸਫ਼ਾਈ ਕਰਮਚਾਰੀ ਨਹੀਂ ਸਨ।
ਸਫ਼ਾਈ ਦੌਰਾਨ ਨਾਲੇ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਦੋਵੇਂ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ। ਆਲੇ-ਦੁਆਲੇ ਦੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਪਹੁੰਚਾਇਆ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਵਲੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ।