ਚੰਡੀਗੜ੍ਹ, 14 ਮਈ 2026 : ਸੀਬੀਐੱਸਈ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪਟਿਆਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸਟ੍ਰੀਮਾਂ ਵਿੱਚ ਮੈਰਿਟ ਹਾਸਲ ਕੀਤੀ ਹੈ। ਖ਼ਾਸ ਕਰਕੇ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।
ਕਾਮਰਸ ਸਟ੍ਰੀਮ ਦੀ ਵਿਦਿਆਰਥਣ ਯਾਨਾਦੀਪ ਕੌਰ ਨੇ 99 ਫੀਸਦੀ ਅੰਕ ਹਾਸਲ ਕਰਕੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸਦੀ ਇਸ ਉਪਲਬਧੀ ਨਾਲ ਸਕੂਲ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਆਰਟਸ ਸਟ੍ਰੀਮ ਵਿੱਚ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਯਸ਼ਲੀਨ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਆਪਣਾ ਨਾਮ ਚਰਚਾ ਵਿੱਚ ਲਿਆਇਆ। ਇਸ ਤੋਂ ਇਲਾਵਾ ਬੁੱਢਾ ਦਲ ਪਬਲਿਕ ਸਕੂਲ ਦੇ ਹਿਮਾਂਸ਼ੂ ਸਿੰਗਲਾ ਅਤੇ ਗੀਤਿਕਾ ਰਾਣੀ ਨੇ 98.6 ਫੀਸਦੀ ਅੰਕ ਹਾਸਲ ਕਰਕੇ ਉੱਚ ਸਥਾਨ ਹਾਸਲ ਕੀਤੇ।
ਰਿਆਨ ਇੰਟਰਨੈਸ਼ਨਲ ਸਕੂਲ ਦੀ ਅਨੁਕੀਰਤ ਕੌਰ ਨੇ ਆਰਟਸ ਸਟ੍ਰੀਮ ਵਿੱਚ 98.2 ਫੀਸਦੀ ਅੰਕ ਪ੍ਰਾਪਤ ਕੀਤੇ, ਜਦਕਿ ਅਕਾਲ ਅਕੈਡਮੀ ਰੀਠਖੇੜੀ ਦੀ ਜਸਨਦੀਪ ਕੌਰ ਨੇ ਮੈਡੀਕਲ ਸਟ੍ਰੀਮ ਵਿੱਚ 98.5 ਫੀਸਦੀ ਅੰਕ ਲੈ ਕੇ ਮੈਰਿਟ ਵਿੱਚ ਆਪਣੀ ਥਾਂ ਬਣਾਈ।
ਨਾਨ-ਮੈਡੀਕਲ ਸਟ੍ਰੀਮ ਵਿੱਚ ਜੇਮਜ਼ ਸਕੂਲ ਦੀ ਅਰੂਨਿਮਾ ਤਲਵਾਰ ਨੇ 95.4 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਵਧੀਆ ਨਤੀਜੇ ਦਰਜ ਕਰਵਾਏ। ਅਵਰਾਜ ਸਿੰਘ ਮਨਚੰਦਾ ਨੇ 94.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਸਕਸ਼ਮ ਅਗਰਵਾਲ ਨੇ 92.4 ਫੀਸਦੀ ਨਾਲ ਦੂਜਾ ਅਤੇ ਮਾਨਿਤ ਗੁਪਤਾ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਨਤੀਜੇ ਆਉਣ ਤੋਂ ਬਾਅਦ ਵੱਖ-ਵੱਖ ਸਕੂਲਾਂ ਵਿੱਚ ਜਸ਼ਨਾਂ ਦਾ ਮਾਹੌਲ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਮਾਪਿਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਮਿਠਾਈਆਂ ਵੰਡੀਆਂ ਅਤੇ ਆਪਣੀਆਂ ਉਪਲਬਧੀਆਂ ਦਾ ਜਸ਼ਨ ਮਨਾਇਆ।