ਸਾਕਾ ਨੀਲਾ ਤਾਰਾ ਬਾਰੇ ਸਰਕਾਰੀ ਦਸਤਾਵੇਜ਼ਾਂ ਨੂੰ ਜਨਤਕ ਕਰੇ ਕੇਂਦਰ ਸਰਕਾਰ : ਪ੍ਰੋ. ਬਡੂੰਗਰ

ਪਟਿਆਲਾ 8 ਜੂਨ – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਜਿਥੇ ਸੰਗਤਾਂ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਮੰਗ ਕੀਤੀ ਕਿ ਸਾਕਾ ਨੀਲਾ ਤਾਰਾ ਬਾਰੇ ਸਰਕਾਰੀ ਦਸਤਾਜਵੇਜ਼ ਜਨਤਕ ਹੋਣੇ ਚਾਹੀਦੇ ਹਨ। ਸਾਬਕਾ ਪ੍ਰਧਾਨ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁਗਲ ਸਾਮਰਾਜ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਤਾਂ ਕਿ ਮੀਰੀ ਪੀਰੀ ਦੇ ਸਿਧਾਂਤ ਨੂੰ ਖਤਮ ਕੀਤਾ ਜਾ ਸਕੇ, ਜਿਸ ਕਾਰਨ ਜੂਨ ’84 ਦੇ ਸਮੇਂ ਵੀ ਅਜਿਹਾ ਹੀ ਬਿਰਤਾਂਤ ਸਿਰਜਿਆ ਗਿਆ।

ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਹੋਏ ਨੂੰ 42 ਸਾਲ ਬੀਤ ਚੁੱਕੇ ਹਨ, ਪ੍ਰੰਤੂ ਕਿਸੇ ਵੀ ਸਰਕਾਰ ਨੇ ਸਰਕਾਰੀ ਦਸਤਾਵੇਜ਼ ਹੁਣ ਤੱਕ ਜਾਰੀ ਨਹੀਂ ਕੀਤੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਜੂਨ ’84 ਦੌਰਾਨ ਕਿਸ ਤਰ੍ਹਾਂ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਇਸ ਸਭ ਨੂੰ ਬੇਨਕਾਬ ਕਰਨ ਲਈ ਸਮੇਂ ਦੀ ਵੱਡੀ ਮੰਗ ਹੈ ਕਿ ਕੇਂਦਰ ਸਰਕਾਰ ਸਾਕਾ ਨੀਲਾ ਤਾਰਾ ਬਾਰੇ ਸਾਰੇ ਸਰਕਾਰੀ ਦਸਤਾਵੇਜ਼ ਜਨਤਕ ਕਰੇ ਤਾਂ ਜੋ ਸਾਰੀਆਂ ਸਾਜਿਸ਼ਾਂ ਅਤੇ ਵਿਉਂਤਬੰਦੀ ਵਿਚ ਸ਼ਾਮਲ ਸਾਰੇ ਚਿਹਰੇ ਬੇਨਕਾਬ ਹੋ ਸਕਣ।

 

Scroll to Top