ਰੱਖਿਆ ਸਮਝੌਤਿਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਇੰਡੋਨੇਸ਼ੀਆ ਦੌਰੇ ਲਈ ਰਵਾਨਾ
ਨਵੀਂ ਦਿੱਲੀ, 6 ਜੁਲਾਈ : ਰੱਖਿਆ ਸਮਝੌਤਿਆਂ ਦੇ ਮੱਦੇਨਜਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਅਨੁਸਾਰ ਇਸ ਦੌਰੇ ਦੌਰਾਨ ਉਹ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਉੱਚ ਪੱਧਰੀ ਗੱਲਬਾਤ ਕਰਨਗੇ। ਆਪਣੇ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਮੋਦੀ ਇਤਿਹਾਸਕ ਪ੍ਰੰਬਾਨਨ ਹਿੰਦੂ ਮੰਦਰ ਦੇ ਵੀ ਦਰਸ਼ਨ ਕਰਨਗੇ।
ਇਸਤੋ ਇਲਾਵਾ ਦੋਵਾਂ ਆਗੂਆਂ ਵਿਚਾਲੇ ਹੋਣ ਵਾਲੀ ਦੁਵੱਲੀ ਮੀਟਿੰਗ ਵਿੱਚ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਰਹਿਣ ਦੀ ਸੰਭਾਵਨਾ ਹੈ। ਚਰਚਾ ਦੌਰਾਨ ਲਗਭਗ 2,500 ਕਰੋੜ ਰੁਪਏ ਦੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸੌਦੇ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਮੁੰਦਰੀ ਸੁਰੱਖਿਆ, ਵਪਾਰ, ਨਿਵੇਸ਼, ਡਿਜੀਟਲ ਖੇਤਰ ਵਿੱਚ ਸਹਿਯੋਗ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਾਂਝੀ ਰਣਨੀਤੀ ਵਰਗੇ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਇਸ ਦੌਰੇ ਦੌਰਾਨ ਦੋਵੇਂ ਦੇਸ਼ ਕਈ ਮਹੱਤਵਪੂਰਨ ਦੁਵੱਲੇ ਸਮਝੌਤਿਆਂ ‘ਤੇ ਦਸਤਖ਼ਤ ਵੀ ਕਰ ਸਕਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਰੱਖਿਆ, ਸਮੁੰਦਰੀ ਸੁਰੱਖਿਆ, ਵਪਾਰ, ਨਿਵੇਸ਼ ਅਤੇ ਆਪਸੀ ਸੰਪਰਕ ਦੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵਧਿਆ ਹੈ ਅਤੇ ਇਸ ਫੇਰੀ ਨੂੰ ਇਸ ਭਾਈਵਾਲੀ ਨੂੰ ਨਵੀਂ ਰਫ਼ਤਾਰ ਦੇਣ ਵਾਲਾ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਵੀ ਦੋ ਵਾਰ ਇੰਡੋਨੇਸ਼ੀਆ ਦਾ ਦੌਰਾ ਕਰ ਚੁੱਕੇ ਹਨ। ਮਈ 2018 ਦੀ ਫੇਰੀ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲੈ ਜਾਣ ਦਾ ਫ਼ੈਸਲਾ ਕੀਤਾ ਸੀ।