ਸਿਰਸਾ, 19 ਜੂਨ 2026 : ਸਿਰਸਾ ਜ਼ਿਲ੍ਹੇ ਦੇ ਬਾਬਾ ਭੂਮਣਸ਼ਾਹ ਪਿੰਡ ਵਿਖੇ ਸਥਿਤ ਪ੍ਰਸਿੱਧ ਡੇਰਾ ਬਾਬਾ ਭੂਮਣਸ਼ਾਹ ਆਸ਼ਰਮ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਯੋਗ ਅਭਿਆਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਜਰੀ ਭਰੀ ਤੇ ਲੋਕਾਂ ਨੂੰ ਸੰਬੋਧਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾ ਕਿਹਾ ਹੈ ਕਿ ਯੋਗਾ ਭਾਰਤ ਦੀ ਪ੍ਰਾਚੀਨ ਰਿਸ਼ੀ ਪਰੰਪਰਾ ਦੀ ਅਮੋਲਕ ਦੇਣ ਹੈ, ਜਿਸ ਨੇ ਨਾ ਸਿਰਫ਼ ਦੇਸ਼ ਸਗੋਂ ਪੂਰੀ ਦੁਨੀਆ ਨੂੰ ਸਿਹਤਮੰਦ ਅਤੇ ਸੰਤੁਲਿਤ ਜੀਵਨ ਜਿਉਣ ਦੀ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੋਗਾ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਨ ਅਤੇ ਆਤਮਾ ਨੂੰ ਵੀ ਮਜ਼ਬੂਤ ਕਰਦਾ ਹੈ ਅਤੇ ਇਹ ਮਨੁੱਖੀ ਜੀਵਨ ਨੂੰ ਸੰਪੂਰਨ ਬਣਾਉਣ ਦਾ ਸਾਧਨ ਹੈ।
ਇਸ ਮੌਕੇ ਉਨ੍ਹਾਂ ਨੇ ਕੁਰੂਕਸ਼ੇਤਰ ਤੋਂ ਪਹੁੰਚੇ ਬਾਬਾ ਬ੍ਰਹਮਦਾਸ ਮਹਾਰਾਜ ਅਤੇ ਮਹੰਤ ਮਹੇਸ਼ ਮੁਨੀ ਮਹਾਰਾਜ ਦਾ ਸ਼ਾਲ ਭੇਟ ਕਰਕੇ ਸਨਮਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਆਸ਼ਰਮ ਦੀ ਧਰਤੀ ‘ਤੇ ਪਹੁੰਚ ਕੇ ਉਨ੍ਹਾਂ ਨੂੰ ਅਦਭੁੱਤ ਆਤਮਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਆਧਿਆਤਮਿਕ ਕੇਂਦਰ ਸਮਾਜ ਨੂੰ ਚੰਗੇ ਮੁੱਲਾਂ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਦੇ ਹਨ।