ਪਟਿਆਲਾ, 20 ਸਤੰਬਰ- ਪੰਜਾਬੀ ਯੂਨੀਵਰਸਿਟੀ ਨੇ ਇਸ ਸੈਸ਼ਨ ਤੋਂ ਵਿਦਿਆਰਥੀਆਂ ਵਿੱਚ ਉੱਦਮਤਾ ਵਾਲ਼ੀ ਮਾਨਸਿਕਤਾ ਪੈਦਾ ਕਰਨ ਹਿਤ ਕਾਲਜਾਂ ਵਿੱਚ ‘ਐਂਟਰਪ੍ਰੀਨਿਓਰ ਮਾਇੰਡਸੈੱਟ ਪ੍ਰੋਗਰਾਮ’ ਨੂੰ ਪੇਸ਼ ਕਰਨ ਅਤੇ ਇਸ ਬਾਰੇ ਬੁਨਿਆਦੀ ਸਿਖਲਾਈ ਦੇਣ ਲਈ ਇੱਕ-ਰੋਜ਼ਾ ਵਰਕਸ਼ਾਪ ਲਗਵਾਈ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੁਆਰਾ ਲਾਗੂ ਕੀਤਾ ਜਾਣਾ ਹੈ।
ਵਰਕਸ਼ਾਪ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤਾ। ਡਾ. ਜਗਦੀਪ ਸਿੰਘ ਨੇ ਵੱਖ-ਵੱਖ ਕਾਲਜਾਂ ਦੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਪਾਰਕ ਮਾਹੌਲ ਵਿੱਚ ਦੇਸ਼ ਅਤੇ ਸੂਬੇ ਦੀ ਸਵੈ-ਨਿਰਭਰਤਾ ਲਈ ਉੱਦਮੀਆਂ ਦੀ ਲੋੜ ਹੈ, ਅਤੇ ਅਧਿਆਪਕ ਇਸ ਉੱਦਮੀ ਸੋਚ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਯੂਨੀਵਰਸਿਟੀ ਦੇ ਈ. ਆਈ. ਸੀ. ਐੱਚ. ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਨੇ ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਢਾਂਚੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਨਾਲ਼ ਸਬੰਧਤ ਮਾਨਤਾ ਪ੍ਰਾਪਤ ਕਾਲਜਾਂ ਲਈ ‘ਐਂਟਰਪ੍ਰੀਨਿਓਰ ਮਾਇੰਡਸੈੱਟ ਕਰੀਕੁਲਮ’ ਜਾਰੀ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਯੂਨੀਵਰਸਿਟੀ ਦੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਪੰਜਾਬ ਸਟਾਰਟਅੱਪ ਤੋਂ ਪੁੱਜੇ ਮੁੱਖ ਬੁਲਾਰੇ ਸ੍ਰੀ ਸੂਰਜ ਯਾਦਵ ਅਤੇ ਸ੍ਰੀ ਸ਼੍ਰੇਯਾਂਸ਼ ਸ੍ਰੀਵਾਸਤਵ ਦਾ ਵਿਸ਼ੇਸ਼ ਸਵਾਗਤ ਕੀਤਾ।
ਸ੍ਰੀ ਸੂਰਜ ਯਾਦਵ ਨੇ ਇਸ ਪ੍ਰੋਗਰਾਮ ਲਈ ਵਿਕਸਤ ਕੀਤੀ ਕੰਪਿਊਟਰ ਐਪਲੀਕੇਸ਼ਨ ਅਤੇ ਵੈਬਸਾਈਟ ਬਾਰੇ ਜਾਣਕਾਰੀ ਸਾਂਝੀ ਕੀਤੀ, ਜੋ ਕਿ ਤਕਨੀਕੀ ਤੌਰ ‘ਤੇ ਸਮਰੱਥ ਅਤੇ ਏ. ਆਈ. ਸਹਾਇਤਾ ਨਾਲ ਸੰਪੰਨ ਹੈ। ਉਨ੍ਹਾਂ ਦੱਸਿਆ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਈ-ਕਾਮਰਸ, ਰਿਟੇਲ, ਕੰਟੈਂਟ ਕ੍ਰਿਏਸ਼ਨ, ਪ੍ਰੋਫੈਸ਼ਨਲ ਸਰਵਿਸਿਜ਼ ਜਾਂ ਹੋਰ ਟਰੈਕ ਚੁਣਨ ਦੀ ਸੁਵਿਧਾ ਹੈ। ਹਰ ਸਮੈਸਟਰ ਵਿੱਚ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦੇ ਦੋ ਕ੍ਰੈਡਿਟ ਮਿਲਣਗੇ। ਵਰਕਸ਼ਾਪ ਦੇ ਅੰਤ ਉੱਤੇ, ਡਾ. ਰਤਿੰਦਰ ਕੌਰ ਨੇ ਧੰਨਵਾਦੀ ਸ਼ਬਦ ਬੋਲੇ।