ਮੇਅਰ ਦੀ ਨਿਵੇਕਲੀ ਪਹਿਲ, ਸੇਵਾਮੁਕਤ ਕਰਮਚਾਰੀਆਂ ਨੂੰ ਮੌਕੇ 'ਤੇ ਹੀ ਦਿੱਤੇ ਰਿਟਾਇਰਮੈਂਟ ਡਿਉਸ ਦੇ ਚੈੱਕ
ਪਟਿਆਲਾ, 10 ਜੁਲਾਈ : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸੇਵਾਮੁਕਤ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਮਿਸਾਲੀ ਪਹਿਲ ਕਰਦਿਆਂ ਰਿਟਾਇਰਮੈਂਟ ਵਾਲੇ ਦਿਨ ਹੀ ਉਨ੍ਹਾਂ ਦੇ ਬਕਾਇਆ ਰਿਟਾਇਰਮੈਂਟ ਡਿਊਸ ਦੀ ਰਕਮ ਅਦਾ ਕੀਤੀ ਗਈ। ਇਹ ਪਹਿਲ ਕਰਮਚਾਰੀਆਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ, ਕਿਉਂਕਿ ਆਮ ਤੌਰ ‘ਤੇ ਰਿਟਾਇਰਮੈਂਟ ਤੋਂ ਬਾਅਦ ਡਿਊਜ ਅਤੇ ਹੋਰ ਬਕਾਇਆ ਰਕਮ ਪ੍ਰਾਪਤ ਕਰਨ ਲਈ ਕਰਮਚਾਰੀਆਂ ਨੂੰ ਕਈ ਮਹੀਨਿਆਂ ਤੱਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ।
ਇਸ ਮੌਕੇ ਨਗਰ ਨਿਗਮ ਦੇ ਮਾਲੀ ਸ਼੍ਰੀ ਕੇਸਰ ਸਿੰਘ, ਸਪੁੱਤਰ ਜੁੰਮਾ ਸਿੰਘ ਨੂੰ ਰਿਟਾਇਰਮੈਂਟ ਸਮੇਂ ਹੀ ਬਣਦੇ ਡਿਊਜ ਦੀ ਰਕਮ ਦਾ ਚੈੱਕ ਸੌਂਪਿਆ ਗਿਆ। ਇਸ ਤੋਂ ਇਲਾਵਾ ਸਫ਼ਾਈ ਸੇਵਕਾ ਸ਼੍ਰੀਮਤੀ ਅਨੀਤਾ, ਪਤਨੀ ਸ਼੍ਰੀ ਦੀਪਕ ਕੁਮਾਰ ਨੂੰ ਮੌਕੇ ‘ਤੇ ਹੀ ਬਣਦੇ ਹੋਏ ਡਿਊਜ ਦੀ ਰਕਮ ਦੇ ਕੇ ਸਨਮਾਨ ਸਹਿਤ ਵਿਦਾ ਕੀਤਾ ਗਿਆ।
ਡਿਊਜ ਦੀ ਰਕਮ ਤੁਰੰਤ ਮਿਲਣ ‘ਤੇ ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੇਂ ਸਿਰ ਡਿਊਜ ਮਿਲਣ ਨਾਲ ਰਿਟਾਇਰਮੈਂਟ ਤੋਂ ਬਾਅਦ ਦੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਵਿੱਚ ਵੱਡੀ ਸਹੂਲਤ ਮਿਲੇਗੀ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀਆਂ ਨੇ ਆਪਣੀ ਪੂਰੀ ਸੇਵਾ ਦੌਰਾਨ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਸੇਵਾਮੁਕਤੀ ਮਗਰੋਂ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਇੰਤਜ਼ਾਰ ਨਾ ਕਰਨਾ ਪਵੇ। ਇਸੇ ਉਦੇਸ਼ ਨਾਲ ਰਿਟਾਇਰਮੈਂਟ ਵਾਲੇ ਦਿਨ ਹੀ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਕਰਕੇ ਡਿਊਜ ਦੀ ਰਕਮ ਜਾਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੀਆਂ ਸਾਰੀਆਂ ਸ਼ਾਖਾਵਾਂ ਦੀ ਹਰ ਮਹੀਨੇ ਨਿਯਮਤ ਸਮੀਖਿਆ ਮੀਟਿੰਗ ਕੀਤੀ ਜਾਂਦੀ ਹੈ, ਜਿਸ ਦੌਰਾਨ ਵਿੱਤੀ ਹਾਲਾਤ ਅਤੇ ਪ੍ਰਸ਼ਾਸਨਿਕ ਕੰਮਕਾਜ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਜਾਂਦਾ ਹੈ। ਇਸ ਨਿਰੰਤਰ ਨਿਗਰਾਨੀ ਕਾਰਨ ਨਗਰ ਨਿਗਮ ਦੇ ਫੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੁਚੱਜੇ ਵਿੱਤੀ ਪ੍ਰਬੰਧਨ ਸਦਕਾ ਨਗਰ ਨਿਗਮ ਆਪਣੇ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨਿਯਮਤ ਤੌਰ ‘ਤੇ ਤਨਖ਼ਾਹ ਅਦਾ ਕਰ ਰਿਹਾ ਹੈ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਬਣਦੇ ਡਿਊਜ ਵੀ ਸਮੇਂ ਸਿਰ ਜਾਰੀ ਕੀਤੇ ਜਾ ਰਹੇ ਹਨ।