ਨਵੀਂ ਦਿੱਲੀ, 27 ਮਈ : ਭਾਰਤੀ ਖੇਡ ਜਗਤ ਨੂੰ ਅੱਜ ਉਸ ਸਮੇ ਵੱਡਾ ਝਟਕਾ ਲਗਾ, ਜਦੋ ਦੇਸ਼ ਦੇ ਪ੍ਰਸਿੱਧ ਓਲੰਪੀਅਨ ਅਤੇ ਤਜਰਬੇਕਾਰ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ।
ਜਿਕਰਯੋਗ ਹੈ ਕਿ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਖਿਡਾਰੀਆਂ, ਖੇਡ ਸੰਸਥਾਵਾਂ ਅਤੇ ਵੱਖ-ਵੱਖ ਹਸਤੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉਹ ਆਪਣੇ ਪਿੱਛੇ ਆਪਣੀ ਪਤਨੀ ਵਿਨੀਤਾ ਅਤੇ ਤਿੰਨ ਧੀਆਂ—ਮਹਿਮਾ, ਸੁਨੈਨਾ ਅਤੇ ਰਾਜੇਸ਼ਵਰੀ—ਨੂੰ ਛੱਡ ਗਏ ਹਨ।
ਜਾਣਕਾਰੀ ਅਨੁਸਾਰ ਕਈ ਦਿਨਾਂ ਤੱਕ ਇਲਾਜ ਚੱਲਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਸਥਿਤ ਆਪਣੇ ਨਿਵਾਸ ’ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਖੇਡ ਇਤਿਹਾਸ ਦਾ ਇੱਕ ਮਹੱਤਵਪੂਰਨ ਅਤੇ ਯਾਦਗਾਰ ਅਧਿਆਇ ਸਮਾਪਤ ਹੋ ਗਿਆ।
ਰਾਜਾ ਰਣਧੀਰ ਸਿੰਘ ਨੇ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਨਵੀਆਂ ਉਚਾਈਆਂ ਸਥਾਪਤ ਕੀਤੀਆਂ। ਉਹ ਏਸ਼ੀਅਨ ਖੇਡਾਂ ਵਿੱਚ ਦੇਸ਼ ਲਈ ਨਿਸ਼ਾਨੇਬਾਜ਼ੀ ਦਾ ਪਹਿਲਾ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਸਨ।