ਪਟਿਆਲਾ, 20 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਫ਼ਾਰਮਾਸਿਉਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਵੱਲੋਂ ਫ਼ਾਰਮਾਕੋਵਿਜੀਲੈਂਸ ਹਫ਼ਤਾ ਮਨਾਉਂਦਿਆਂ ਇੱਕ ਦਿਨਾ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਟੀ ਇੰਸਟੀਚਿਊਟ ਆਫ਼ ਫ਼ਾਰਮਾਸਿਉਟੀਕਲ ਸਾਇੰਸਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੇਅਰਮੈਨ ਪ੍ਰੋ. ਅਨਿਲ ਕੁਮਾਰ ਨੇ ਇਸ ਮੌਕੇ ਮਾਹਿਰ ਵਜੋਂ ਭਾਸ਼ਣ ਦਿੱਤਾ। ਉਨ੍ਹਾਂ ਡਰੱਗਜ਼ ਦੇ ਦੁਰਪ੍ਰਭਾਵਾਂ ਅਤੇ ਸਿਹਤ ਪ੍ਰਣਾਲੀ ਉੱਤੇ ਹੋ ਰਹੇ ਇਸ ਦੇ ਅਸਰ ਬਾਰੇ ਵੱਖ-ਵੱਖ ਪਹਿਲੂਆਂ ਤੋਂ ਗੱਲ ਕੀਤੀ।
ਉਨ੍ਹਾਂ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ ਨੂੰ ਮਜ਼ਬੂਤ ਕਰਨ ਵਿੱਚ ਫਾਰਮਾਸਿਸਟਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਦੁਰਪ੍ਰਭਾਵਾਂ ਦੀ ਸਮੇਂ ਸਿਰ ਰਿਪੋਰਟਿੰਗ ਬਾਰੇ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਵੱਲੋਂ ਵਿਦਿਆਰਥੀਆਂ ਨਾਲ਼ ਸੰਵਾਦ ਵੀ ਰਚਾਇਆ ਗਿਆ।
ਸਮਾਗਮ ਦੇ ਕਨਵੀਨਰ ਵਜੋਂ ਡਾ. ਯੋਗਿਤਾ ਬਾਂਸਲ , ਕੋਆਰਡੀਨੇਟਰ ਵਜੋਂ ਡਾ. ਪਵਨ ਕ੍ਰਿਸ਼ਨ ਅਤੇ ਸਹਿ-ਕੋਆਰਡੀਨੇਟਰ ਵਜੋਂ ਡਾ. ਵਿਕਾਸ ਰਾਣਾ ਨੇ ਭੂਮਿਕਾ ਨਿਭਾਈ।