ਮੁਜ਼ੱਫਰਾਬਾਦ, 21 ਮਈ 2026 : ਪੁਲਵਾਮਾ ਹਮਲੇ ਦਾ ਇਕ ਵੱਡਾ ਦੋਸ਼ੀ ਅੱਜ ਢੇਰ ਹੋ ਗਿਆ ਹੈ, ਜਿਸਨੂੰ ਕੁੱਝ ਅਣਪਛਾਤਿਆਂ ਨੇ ਗੋਲੀ ਮਾਰ ਦਿਤੀ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਇੱਕ ਵੱਡੇ ਨਾਮ ਅਰਜਮੰਦ ਗੁਲਜ਼ਾਰ ਉਰਫ਼ ਬੁਰਹਾਨ ਹਮਜ਼ਾ ਦੇ ਪਾਕਿਸਤਾਨ ਵਿੱਚ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਧਿਕਾਰੀਆਂ ਮੁਤਾਬਕ ਅਰਜਮੰਦ ਗੁਲਜ਼ਾਰ ਦੱਖਣੀ ਕਸ਼ਮੀਰ ਵਿੱਚ ਨੌਜਵਾਨਾਂ ਨੂੰ ਕੱਟੜਪੰਥ ਵੱਲ ਧੱਕਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਉਹ ਪੁਲਵਾਮਾ ਦੇ ਰਤਨੀਪੋਰਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਕਰੀਬ ਸੱਤ ਸਾਲ ਪਹਿਲਾਂ ਕਾਨੂੰਨੀ ਦਸਤਾਵੇਜ਼ਾਂ ਰਾਹੀਂ ਪਾਕਿਸਤਾਨ ਪਹੁੰਚਿਆ ਸੀ। ਉੱਥੇ ਜਾ ਕੇ ਉਸਨੇ ਅਲ-ਬਦਰ ਨਾਲ ਹੱਥ ਮਿਲਾ ਲਿਆ ਅਤੇ ਸਰਹੱਦ ਪਾਰ ਬੈਠ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗ ਪਿਆ।
ਉਸਨੂੰ ਅੱਜ ਮੁਜ਼ੱਫਰਾਬਾਦ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਸੁਰੱਖਿਆ ਸੂਤਰਾਂ ਦੇ ਅਨੁਸਾਰ ਬੁਰਹਾਨ ਹਮਜ਼ਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅਲ-ਬਦਰ ਦਾ ਇੱਕ ਅਹਿਮ ਕਮਾਂਡਰ ਸੀ ਅਤੇ ਉਹ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਲੰਬੇ ਸਮੇਂ ਤੋਂ ਸਰਗਰਮ ਰਿਹਾ ਸੀ। ਉਸਦਾ ਨਾਮ ਪੁਲਵਾਮਾ ਹਮਲੇ ਦੀ ਸਾਜ਼ਿਸ਼ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ।