ਪਾਕਿਸਤਾਨੀ ਟੀਵੀ ਐਂਕਰ ਦੀ ਘਰ ’ਚ ਗੋਲੀ ਲੱਗਣ ਨਾਲ ਮੌਤ, ਪਤੀ ਹਿਰਾਸਤ ’ਚ : ਜਾਂਚ ਸੁਰੂ
ਦਿੱਲੀ, 9 ਨਵੰਬਰ : ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਟੀਵੀ ਐਂਕਰ ਰਾਬੀਆ ਅਹਿਸਾਨ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਐਤਵਾਰ ਨੂੰ ਉਹ ਆਪਣੇ ਘਰ ਵਿੱਚ ਸੀ, ਜਦੋਂ ਉਨ੍ਹਾਂ ਦੇ ਗਲੇ ਤੋਂ ਹੇਠਾਂ ਗੋਲੀ ਲੱਗੀ। ਘਟਨਾ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਦੇ ਅਨੁਸਾਰ ਰਾਬੀਆ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਪਿਸਤੌਲ ਸੰਭਾਲਦੇ ਸਮੇਂ ਅਚਾਨਕ ਗੋਲੀ ਚੱਲ ਗਈ ਸੀ। ਉਸ ਦਾ ਦਾਅਵਾ ਸੀ ਕਿ ਉਸ ਨੂੰ ਪਤਾ ਨਹੀਂ ਸੀ ਕਿ ਪਿਸਤੌਲ ਵਿੱਚ ਗੋਲੀ ਭਰੀ ਹੋਈ ਹੈ। ਹਾਲਾਂਕਿ, ਰਾਬੀਆ ਦੇ ਭਰਾ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵਾਰਦਾਤ ਵਿੱਚ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ। ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਰਾਬੀਆ ਦੀਆਂ 13 ਅਤੇ 11 ਸਾਲ ਦੀਆਂ ਦੋ ਧੀਆਂ ਵੀ ਹਨ।