ਜਲੰਧਰ, 29 ਜੂਨ 2026 : ਧਾਰਮਿਕ ਯਾਤਰਾ ਤੇ ਦਰਸ਼ਨਾਂ ਲਈ ਘਰੋ ਨਿਕਲੇ ਇਕ ਫੌਜੀ ਵਿਅਕਤੀ ਅਤੇ ਉਸਦੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਫੌਜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ ਪਿੰਡ ਕਿਸ਼ਨਗੜ੍ਹ ਨੇੜੇ ਵਾਪਰਿਆ। ਹਾਦਸੇ ਵਿਚ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋਣ ਕਾਰਨ ਵਾਪਰੇ ਇਸ ਹਾਦਸੇ ਵਿੱਚ ਫੌਜੀ, ਉਸ ਦੀ ਪਤਨੀ, ਮਾਤਾ ਅਤੇ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ਵਿੱਚ ਸਵਾਰ ਲੋਕਾਂ ਨੂੰ ਵੀ ਸੱਟਾਂ ਲੱਗਣ ਦੀ ਸੂਚਨਾ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਫੌਜੀ ਛੁੱਟੀ ‘ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਇਆ ਸੀ। ਜਦੋਂ ਉਨ੍ਹਾਂ ਦੀ ਕਾਰ ਕਿਸ਼ਨਗੜ੍ਹ ਨੇੜੇ ਨੈਸ਼ਨਲ ਹਾਈਵੇਅ ‘ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਜ਼ੋਰਦਾਰ ਟੱਕਰ ਮਾਰ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮੌਕੇ ‘ਤੇ ਹੀ ਚਾਰੇ ਪਰਿਵਾਰਕ ਮੈਂਬਰਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ ਅਤੇ ਰਾਹਗੀਰਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ।