ਟੀ.ਬੀ ਸਕਰੀਨਿੰਗ ਕੈਂਪ ਲਗਾ ਕੇ ਲੋਕਾਂ ਦੀ ਕੀਤੀ ਗਈ ਸਿਹਤ ਜਾਂਚ
ਪਟਿਆਲਾ 14 ਜੁਲਾਈ – ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਭਰ ਵਿੱਚ ਟੀ.ਬੀ ਦੀ ਸਮੇਂ ਸਿਰ ਪਹਿਛਾਣ ਅਤੇ ਰੋਕਥਾਮ ਦੇ ਉਦੇਸ਼ ਨਾਲ ਟੀ.ਬੀ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਾਸੀਆਂ ਦੀ ਟੀ.ਬੀ ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਦੋ ਹਫਤਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਖੰਘ, ਬੁਖਾਰ, ਭਾਰ ਘਟਣਾ, ਰਾਤ ਨੂੰ ਪਸੀਨਾ ਆਉਣਾ ਆਦਿ ਲੱਛਣਾਂ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਗਈ। ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਲੋੜੀਦੀ ਜਾਂਚ ਕੀਤੀ ਗਈ।
ਕੈਂਪ ਦੌਰਾਨ ਮੌਕੇ ਤੇ ਹੀ ਐਕਸ.ਰੇ ਸਕਰੀਨਿੰਗ ਵੀ ਕੀਤੀ ਗਈ। ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਨੇ ਦੱਸਿਆ ਕਿ ਟੀਬੀ ਇੱਕ ਇਲਾਜ ਯੋਗ ਬਿਮਾਰੀ ਹੈ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਲਗਾਤਾਰ ਖੰਘ ਜਾਂ ਟੀ.ਬੀ ਨਾਲ ਸੰਬੰਧਿਤ ਹੋਰ ਲੱਛਣ ਹੋਣ ਤਾਂ ਉਹ ਤੁਰੰਤ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣ।
ਕੈਂਪ ਦੌਰਾਨ ਲੋਕਾਂ ਨੂੰ ਟੀਬੀ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ, ਇਲਾਜ਼ ਦੀ ਮਹੱਤਤਾ ਅਤੇ ਦਵਾਈ ਦਾ ਪੂਰਾ ਕੋਰਸ ਕਰਨ ਵਾਸਤੇ ਜਾਗਰੂਕ ਕੀਤਾ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਟੀਬੀ ਵਾਸਤੇ ਜਾਗਰੂਕ ਰਹਿਣ ਤੇ ਕਿਸੇ ਵੀ ਲੱਛਣ ਨੂੰ ਨਜ਼ਰ ਅੰਦਾਜ਼ ਨਾ ਕਰਨ ਦੀ ਅਪੀਲ ਵੀ ਕੀਤੀ।