ਡਕਾਲਾ/ਕਰਹਾਲੀ ਸਾਹਿਬ, ਪਟਿਆਲਾ 30 ਜੂਨ – ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਪਾਤਸ਼ਾਹੀ ਨੌਵੀਂ ਅਤੇ ਛੇਵੇਂ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਥੇ ਸੰਗਤਾਂ ਨੇ ਗੁਰੂ ਘਰ ਮੱਕਾ ਟੇਕ ਕੇ ਖੁਸ਼ੀਆਂ ਹਾਸਲ ਕੀਤੀਆਂ, ਉਥੇ ਹੀ ਹਜ਼ੂਰੀ ਰਾਗੀ ਭਾਈ ਹਰਦੀਪ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।
ਗੁਰਮਤਿ ਸਮਾਗਮ ਦੌਰਾਨ ਹੈਡ ਗ੍ਰੰਥੀ ਗੁਰਦੁਆਆ ਅੰਬ ਸਾਹਿਬ ਵਾਲੇ ਭਾਈ ਚਰਨਜੀਤ ਸਿੰਘ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਉਚੇਚੇ ਤੌਰ ’ਤੇ ਸਿ਼ਰਕਤ ਕਰਨ ਵਾਲਿਆਂ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਆਦਿ ਪੁੱਜੇ ਹੋਏ ਸਨ । ਪ੍ਰਕਾਸ ਦਿਹਾੜੇ ਮੌਕੇ ਹੈਡ ਗ੍ਰੰਥੀ ਭਾਈ ਸਤਪਾਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਕੱਠ ਵਿਚ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਾਆਂ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ, ਵਿਚਾਰਧਾਰਾ ਅਤੇ ਉਦੇਸ਼ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਜਾਣੂੰ ਕਰਵਾਇਆ ਕਿ ਗੁਰੂ ਸਾਹਿਬ ਨੂੰ ਬੰਦੀ ਛੋੜ ਦਾਤਾ ਕਿਉਂ ਆਖਿਆ ਜਾਂਦਾ ਹੈ ਗੁਰੂ ਸਾਹਿਬ ਦੀ ਗੁਰਬਾਣੀ ਜਿਥੇ ਸਾਰਿਆਂ ਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਜਿਉਣ ਦਾ ਮਾਰਗ ਵਿਖਾਉਂਦੀ ਹੈ, ਉਥੇ ਜ਼ਬਰ ਅਤੇ ਜੁਲਮ ਦੇ ਟਾਕਰੇ ਧਾਰਨ ਕੀਤੀਆਂ ਮੀਰੀ-ਪੀਰੀ ਤਲਵਾਰਾਂ ਸਿਧਾਂਤ ਅਤੇ ਫਲਸਫੇ ਦੀ ਵੱਡੀ ਮਿਸਾਲ ਹਨ। ਇਸ ਉਪਰੰਤ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਇਲਾਕੇ ਦੀਆਂ ਪੁੱਜੀਆਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਗੁਰਦੁਆਰਾ ਕਰਹਾਲੀ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਕੌਲੀ ਨੇ ਪੁੱਜੀਆਂ ਸਖਸ਼ੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨਾਂ ਨੇ ਗੁਰੂ ਘਰ ਦੇ ਸਮਾਗਮਾਂ ਵਿਚ ਸਿ਼ਰਕਤ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਚਾਰਕ ਸਾਹਿਬਾਨਾਂ ਵਿਚ ਪਰਿਵੰਦਰ ਸਿੰਘ ਬਰਾੜਾ, ਪਰਿਵੰਦਰ ਸਿੰਘ ਰਿਓਂ ਆਦਿ ਤੋ. ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ, ਸਟਾਫ ਮੈਂਬਰ ਅਤੇ ਸੰਗਤਾਂ ਆਦਿ ਹਾਜ਼ਰ ਸਨ। ਫੋਟੋ : ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਮੌਕੇ ਮੈਨੇਜਰ ਸੁਰਜੀਤ ਸਿੰਘ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਤ ਕਰਦੇ ਹੋਏ, ਨਾਲ ਹਨ ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਹੋਰ।