ਨਵੀਂ ਦਿੱਲੀ, 2 ਜੂਨ 2026 : ਦੇਸ਼ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਹਲਚਲ ਦੇ ਸੰਕੇਤ ਮਿਲ ਰਹੇ ਹਨ ਕਿਉਕਿ ਗਠਜੋੜ ਇੰਡੀਆ ਦੇ ਆਗੂ 8 ਜੂਨ ਨੂੰ ਦਿੱਲੀ ‘ਚ ਇਕੱਠੇ ਹੋਣਗੇ, ਜਿਸ ਵਿਚ ਸਾਂਝੀ ਰਣਨੀਤੀ ‘ਤੇ ਹੋਵੇਗੀ ਚਰਚਾ। ਇਹ ਅਹਿਮ ਬੈਠਕ 8 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਕਈ ਵੱਡੇ ਖੇਤਰੀ ਅਤੇ ਰਾਸ਼ਟਰੀ ਨੇਤਾ ਹਿੱਸਾ ਲੈ ਸਕਦੇ ਹਨ।
ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੀ ਨੇਤਾ ਮਮਤਾ ਬੈਨਰਜੀ, ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਉੱਧਵ ਠਾਕਰੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਨੇਤਾ ਇਸ ਮੀਟਿੰਗ ਵਿੱਚ ਮੌਜੂਦ ਰਹਿ ਸਕਦੇ ਹਨ। ਬੈਠਕ ਦਾ ਮੁੱਖ ਉਦੇਸ਼ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਸਾਂਝਾ ਰਾਜਨੀਤਿਕ ਰੋਡਮੈਪ ਤਿਆਰ ਕਰਨਾ ਅਤੇ ਵਿਰੋਧੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਦੱਸਿਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਹਾਲੀਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ, ਵੱਖ-ਵੱਖ ਰਾਜਾਂ ਵਿੱਚ ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਅਤੇ ਆਉਣ ਵਾਲੀਆਂ ਰਾਜਨੀਤਿਕ ਚੁਣੌਤੀਆਂ ਉੱਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਵਿਰੋਧੀ ਪਾਰਟੀਆਂ ਵੱਲੋਂ ਭਵਿੱਖ ਦੀਆਂ ਚੋਣੀ ਰਣਨੀਤੀਆਂ ਨੂੰ ਲੈ ਕੇ ਵੀ ਵਿਚਾਰ ਸਾਂਝੇ ਕੀਤੇ ਜਾਣ ਦੀ ਸੰਭਾਵਨਾ ਹੈ।