ਦਿੱਲੀ, 28 ਮਈ : ਰਾਜਸਥਾਨ ਰਾਇਲਸ ਨੇ ਆਈਪੀਐਲ ਐਲੀਮੀਨੇਟਰ ਮੁਕਾਬਲੇ ਵਿੱਚ ਸਨਰਾਈਸਰ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਕੇ ਕੁਆਲੀਫਾਇਰ-2 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸਨਲ ਕ੍ਰਿਕੇਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ ਰਹੀ।
ਦਸ ਦਈਏ ਕਿ ਵੈਭਵ ਇਸ ਸਮੇ ਸਿਰਫ਼ 15 ਸਾਲ ਦੇ ਹਨ ਅਤੇ ਵੈਭਵ ਸੂਰਿਆਵੰਸ਼ੀ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ 97 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਅਤੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕੇਵਲ 16 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਹ ਇਸ ਸੀਜ਼ਨ ਵਿੱਚ ਪੰਜਵੀਂ ਵਾਰ ਸੀ ਜਦੋਂ ਉਨ੍ਹਾਂ ਨੇ 20 ਜਾਂ ਇਸਤੋਂ ਘੱਟ ਗੇਂਦਾਂ ਵਿੱਚ ਫਿਫਟੀ ਪੂਰੀ ਕੀਤੀ।
ਇਸ ਪਾਰੀ ਦੌਰਾਨ ਵੈਭਵ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕੀਤੀ। ਉਹ ਆਈਪੀਐਲ ਦੇ ਇੱਕ ਸੀਜ਼ਨ ਵਿੱਚ 600 ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ। ਇਸ ਤੋਂ ਪਹਿਲਾਂ ਇਹ ਰਿਕਾਰਡ ਰਿਸ਼ਵ ਪੰਤ ਦੇ ਨਾਮ ਸੀ, ਜਿਨ੍ਹਾਂ ਨੇ 2018 ਵਿੱਚ 20 ਸਾਲ ਦੀ ਉਮਰ ਵਿੱਚ ਇਹ ਮਕਾਮ ਹਾਸਲ ਕੀਤਾ ਸੀ।