Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 26 Oct 2026 | 4:32 pm

+91 90915 01313 , +91 90916 01313

punjabbanni@gmail.com
punjabbani@yahoo.com

ਉੱਘੇ ਪੰਜਾਬੀ ਲੇਖਕਾਂ ਅਜਾਇਬ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਭਰਤ ਦੇ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਉੱਘੇ ਪੰਜਾਬੀ ਲੇਖਕਾਂ ਅਜਾਇਬ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਭਰਤ ਦੇ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 26 ਅਕਤੂਬਰ : ਪੰਜਾਬੀ ਦੇ ਉੱਘੇ ਕਵੀ ਤੇ ਲੇਖਕ ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਸਿੰਘ ਭਰਤ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਜਾਇਬ ਸਿੰਘ ਹੁੰਦਲ ਪੰਜਾਬੀ ਕਵਿਤਾ ਦੇ ਸਥਾਪਤ ਹਸਤਾਖ਼ਰ ਸਨ। ਉਨ੍ਹਾਂ ਨੇ ਗ਼ਜ਼ਲ ਤੋਂ ਆਪਣਾ ਕਾਵਿ-ਸਫ਼ਰ ਸ਼ੁਰੂ ਕਰਕੇ ਆਜ਼ਾਦ ਕਵਿਤਾ ਦੇ ਖੇਤਰ ਵਿੱਚ ਵੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ-ਪੁਸਤਕਾਂ ਵਿੱਚ ‘ਅਜੇ ਨਾ ਗਿਣ’, ‘ਫ਼ੈਸਲੇ ਤੋਂ ਬਾਅਦ’, ‘ਮਿੱਟੀ ਸਾਹਵੇਂ ਖੜਾ ਵਾਰਿਸ’, ‘ਆਪਣਾ ਆਪਣਾ ਕੁਰੂਕਸ਼ੇਤਰ’ ਅਤੇ ‘ਕਚਹਿਰੀ ਵਿੱਚ ਖੜ੍ਹਾ ਦਰਖ਼ਤ’ ਸ਼ਾਮਲ ਹਨ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਕੀਤਾ ਗਿਆ ਸੀ।

ਗੁਰਨਾਮ ਢਿੱਲੋਂ ਪ੍ਰਗਤੀਸ਼ੀਲ ਤੇ ਇਨਕਲਾਬੀ ਵਿਚਾਰਧਾਰਾ ਦੇ ਪ੍ਰਤੀਨਿਧ ਕਵੀ, ਲੇਖਕ ਅਤੇ ਆਲੋਚਕ ਸਨ। ਬਰਤਾਨੀਆ ਵਿੱਚ ਰਹਿੰਦਿਆਂ ਵੀ ਉਹ ਪੰਜਾਬੀ ਸਾਹਿਤ ਨਾਲ ਸਰਗਰਮੀ ਨਾਲ ਜੁੜੇ ਰਹੇ। ਉਨ੍ਹਾਂ ਦੀਆਂ ਰਚਨਾਵਾਂ ‘ਲੋਕ ਸ਼ਕਤੀ’, ‘ਨਗਾਰਾ’ ਅਤੇ ‘ਝੂਝਦੇ ਸੂਰਜ’ ਲੋਕ-ਪੱਖੀ ਸਰੋਕਾਰਾਂ, ਸਮਾਜਿਕ ਚੇਤਨਾ ਅਤੇ ਸੰਘਰਸ਼ ਦੀ ਆਵਾਜ਼ ਬਣ ਕੇ ਸਾਹਮਣੇ ਆਈਆਂ।

ਮਾਸਟਰ ਰਘਬੀਰ ਸਿੰਘ ਭਰਤ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਗੂੜ੍ਹੇ ਗਿਆਤਾ ਸਨ। ਉਨ੍ਹਾਂ ਨੇ ਮਾਛੀਵਾੜਾ ਸਾਹਿਬ ਵਿੱਚ ਅਧਿਆਪਨ ਦੇ ਨਾਲ-ਨਾਲ ਸਮਾਜ ਅਤੇ ਸਾਹਿਤ ਦੀ ਸੇਵਾ ਕੀਤੀ। ਉਹ ਸਾਹਿਤ ਸਭਾ ਮਾਛੀਵਾੜਾ ਦੇ ਮੋਢੀਆਂ ਵਿੱਚੋਂ ਸਨ। ਮੌਲਾ ਬਖ਼ਸ਼ ਕੁਸ਼ਤਾ ਦੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਅਤੇ ਅਫ਼ਜ਼ਲ ਪਰਵੇਜ਼ ਦੀ ਪੁਸਤਕ ‘ਬਨ ਫੁਲਵਾੜੀ’ ਦਾ ਲਿਪੀਅੰਤਰਣ ਕਰਨਾ ਉਨ੍ਹਾਂ ਦੇ ਮਹੱਤਵਪੂਰਨ ਸਾਹਿਤਕ ਕਾਰਜਾਂ ਵਿੱਚ ਸ਼ਾਮਲ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਤਿੰਨਾਂ ਲੇਖਕਾਂ ਦਾ ਵਿਛੋੜਾ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੇਖਕਾਂ ਨੇ ਆਪਣੀ ਸਿਰਜਣਾ, ਵਿਚਾਰਧਾਰਕ ਪ੍ਰਤੀਬੱਧਤਾ ਅਤੇ ਸਾਹਿਤਕ ਸਰਗਰਮੀਆਂ ਰਾਹੀਂ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਅਤੇ ਲੋਕ-ਪੱਖੀ ਚੇਤਨਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਅਤੇ ਸਾਹਿਤਕ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਦੇ ਲੇਖਕਾਂ ਤੇ ਪਾਠਕਾਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ। ਸਭਾ ਦੇ ਅਹੁਦੇਦਾਰਾਂ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਤਿੰਨਾਂ ਲੇਖਕਾਂ ਦੇ ਪਰਿਵਾਰਾਂ, ਸਨੇਹੀਆਂ ਅਤੇ ਸਾਹਿਤਕ ਸਾਥੀਆਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।

ਇਸੇ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਉਮਿੰਦਰ ਜੌਹਲ, ਡਾ. ਸ਼ਿੰਦਰਪਾਲ ਸਿੰਘ, ਗੁਰਮੀਤ ਸਿੰਘ ਪਲਾਹੀ, ਮਨਜਿੰਦਰ ਸਿੰਘ ਧਨੋਆ, ਤਰਲੋਚਨ ਲੋਚੀ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆ, ਸ਼ੇਲਿੰਦਰਜੀਤ ਸਿੰਘ ਰਾਜਨ, ਜੈਨਿੰਦਰ ਚੌਹਾਨ, ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਗਿੱਲ ਜੈਪਾਲ, ਜਤਿੰਦਰ ਕੌਰ ਮਾਹਲ, ਸੁਰਿੰਦਰਜੀਤ ਸਿੰਘ ਚੌਹਾਨ, ਦਲਜੀਤ ਸਿੰਘ ਸ਼ਾਹੀ, ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ, ਰਾਜਵਿੰਦਰ ਸਮਰਾਲਾ, ਰਵਿੰਦਰ ਚੋਟ, ਸਿਮਰਜੀਤ ਸਿੰਘ ਕੰਗ ਅਤੇ ਗੁਰਪ੍ਰੀਤ ਸਿੰਘ ਰੰਗਪੁਰ ਨੇ ਵੀ ਤਿੰਨਾਂ ਲੇਖਕਾਂ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੇਖਕਾਂ ਦੀ ਸਾਹਿਤਕ ਦੇਣ ਪੰਜਾਬੀ ਸਾਹਿਤ ਦਾ ਅਨਮੋਲ ਸਰਮਾਇਆ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਪਾਠਕਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ-ਦਰਸ਼ਨ ਕਰਦੀਆਂ ਰਹਿਣਗੀਆਂ। ਉਨ੍ਹਾਂ ਵਿਛੜੇ ਲੇਖਕਾਂ ਦੇ ਪਰਿਵਾਰਾਂ ਅਤੇ ਸਾਹਿਤਕ ਸਾਥੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਸੰਵੇਦਨਾ ਸਾਂਝੀ ਕੀਤੀ।

Scroll to Top