ਪਟਿਆਲਾ , 5 ਜੂਨ, 2026 : ਇੰਜੀਨੀਅਰ ਪੁੰਨਰਦੀਪ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਇਸ ਅਹਿਮ ਅਹੁਦੇ ‘ਤੇ ਕੀਤੀ ਨਿਯੁਕਤੀ ਤੋਂ ਬਾਅਦ ਡਾਇਰੈਕਟਰ/ਜਨਰੇਸ਼ਨ ਵਜੋਂ ਅਹੁਦਾ ਸੰਭਾਲ ਲਿਆ ਹੈ।
ਇਸ ਅਹੁਦੇ ‘ਤੇ ਤਾਇਨਾਤ ਹੋਣ ਤੋਂ ਪਹਿਲਾਂ, ਇੰਜੀਨੀਅਰ ਬਰਾੜ ਲੁਧਿਆਣਾ ਵਿਖੇ ਇੰਜੀਨੀਅਰ-ਇਨ-ਚੀਫ਼ (P&M) ਵਜੋਂ ਸੇਵਾ ਨਿਭਾ ਰਹੇ ਸਨ ਅਤੇ ਪੀ.ਐੱਸ.ਪੀ.ਸੀ.ਐੱਲ. ਵਿੱਚ ਸੇਵਾ ਕਰ ਰਹੇ ਚੀਫ਼ ਇੰਜੀਨੀਅਰਾਂ ਵਿੱਚੋਂ ਸਭ ਤੋਂ ਸੀਨੀਅਰ ਸਨ। ਬਿਜਲੀ ਖੇਤਰ ਵਿੱਚ 34 ਸਾਲਾਂ ਤੋਂ ਵੱਧ ਦੇ ਤਜਰਬੇ ਦੇ ਨਾਲ, ਉਹ ਇਸ ਅਹੁਦੇ ਲਈ ਵਿਆਪਕ ਤਕਨੀਕੀ ਅਤੇ ਪ੍ਰਸ਼ਾਸਨਿਕ ਮਾਹਰਤਾ ਰੱਖਦੇ ਹਨ।
ਅਹੁਦਾ ਸੰਭਾਲਣ ਤੋਂ ਬਾਅਦ, ਇੰਜੀਨੀਅਰ ਬਰਾੜ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਉਣ ਅਤੇ ਇਹ ਜ਼ਿੰਮੇਵਾਰੀ ਸੌਂਪਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸੈਕਟਰੀ ਪਾਵਰ-ਕਮ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.) ਪੀ.ਐੱਸ.ਪੀ.ਸੀ.ਐੱਲ. ਡਾ. ਬਸੰਤ ਗਰਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਅਤੇ ਸੂਬੇ ਦੇ ਬਿਜਲੀ ਉਤਪਾਦਨ (ਜਨਰੇਸ਼ਨ) ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਯਤਨ ਕਰਨਗੇ।
ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਝੋਨੇ ਦੇ ਸੀਜ਼ਨ ਦੌਰਾਨ, ਜਦੋਂ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਹੁੰਦਾ ਹੈ, ਪੰਜਾਬ ਦੇ ਥਰਮਲ ਅਤੇ ਹਾਈਡਲ (ਪਣ-ਬਿਜਲੀ) ਪਾਵਰ ਸਟੇਸ਼ਨਾਂ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣਾ ਹੋਵੇਗੀ।