ਅੰਮ੍ਰਿਤਸਰ ਦੇ ਸ਼ਰਧਾਲੂਆਂ ਨਾਲ ਭਰੀ ਬੱਸ ਬਿਲਾਸਪੁਰ ਵਿਚ ਪਲਟੀ
ਚੰਡੀਗੜ, 27 ਜੁਲਾਈ : ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਬੱਸ ਜਾ ਰਹੀ ਅਚਾਨਕ ਹਿਮਾਚਲ ਦੇ ਬਿਲਾਸਪੁਰ ਵਿਚ ਪਲਟ ਗਈ, ਜਿਸ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦੋ ਕਿ ਬਾਕੀ ਸਵਾਰੀਆਂ ਗੰਭੀਰ ਜਖਮੀ ਹੋ ਗਈਆਂ, ਜਿਨਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤੁਰੰਤ ਬਚਾਅ ਕਾਰਵਾਈ ਸ਼ੁਰੂ ਕਰਕੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਵਿੱਚ ਕਰੀਬ 35 ਸ਼ਰਧਾਲੂ ਸਵਾਰ ਸਨ, ਜੋ ਦੇਵਤਸਿੱਧ ਅਤੇ ਸ਼ਾਹ ਤਲਾਈ ਸਥਿਤ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਰਸਤੇ ਵਿੱਚ ਸ਼ਾਹ ਤਲਾਈ ਨੇੜੇ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ।
ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਵਿੱਚ ਜ਼ਖ਼ਮੀ ਹੋਏ ਸੱਤ ਵਿਅਕਤੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਨੂੰ ਬਿਹਤਰ ਇਲਾਜ ਲਈ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ, ਜਦਕਿ ਦੋ ਹੋਰਾਂ ਨੂੰ ਹਮੀਰਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।