ਅਮਰੀਕਾ ਦੀ ਯਾਤਰਾ ਤੇ ਗਏ ਪਠਾਨਕੋਟ ਦੇ ਨੌਜਵਾਨ ਦੀ ਹੋਈ ਮੌਤ

ਪਠਾਨਕੋਟ, 19 ਜੂਨ 2026 : ਅਮਰੀਕਾ ਦੀ ਯਾਤਰਾ ਤੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਇਕ ਨੌਜਵਾਨ ਦੀ ਉਥੇ ਹੋਏ ਹਾਦਸੇ ਕਾਰਨ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਤੇ ਇਲਾਕੇ ਅੰਦਰ ਭਾਰੀ ਸੋਕ ਦੀ ਲਹਿਰ ਦੌੜ ਪਈ ਹੈ।
ਜਾਣਕਾਰੀ ਦੇ ਅਨੁਸਾਰ ਪਠਾਨਕੋਟ ਸ਼ਹਿਰ ਦੇ ਇੱਕ ਨੌਜਵਾਨ ਦੀ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਜਾਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਮ੍ਰਿਤਕ ਦੀ ਪਛਾਣ 18 ਸਾਲਾ ਰੋਮਾਂਚ ਮਹਾਜਨ ਉਰਫ਼ ਰਾਕਿਤ ਵਜੋਂ ਹੋਈ ਹੈ, ਜੋ ਪਠਾਨਕੋਟ ਦੀ ਇੰਦਰਾ ਕਲੋਨੀ ਦਾ ਵਸਨੀਕ ਸੀ। ਰੋਮਾਂਚ ਆਪਣੇ ਮਾਪਿਆਂ ਅਤੇ ਛੋਟੇ ਭਰਾ ਨਾਲ ਕੁਝ ਦਿਨ ਪਹਿਲਾਂ ਹੀ ਸੈਰ-ਸਪਾਟੇ ਲਈ ਨਿਊਯਾਰਕ ਪਹੁੰਚਿਆ ਸੀ। ਪਰਿਵਾਰ ਸੈਂਟਰਲ ਪਾਰਕ ਵਿੱਚ ਰਵਾਇਤੀ ਘੋੜਾ-ਗੱਡੀ ਦੀ ਸਵਾਰੀ ਦਾ ਆਨੰਦ ਲੈ ਰਿਹਾ ਸੀ ਕਿ ਅਚਾਨਕ ਘੋੜਾ ਕਿਸੇ ਕਾਰਨ ਘਬਰਾ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਦੌੜ ਪਿਆ।

ਘੋੜੇ ਦੇ ਕਾਬੂ ਤੋਂ ਬਾਹਰ ਹੋਣ ਕਾਰਨ ਗੱਡੀ ਸੰਤੁਲਨ ਗੁਆ ਬੈਠੀ ਅਤੇ ਅੱਗੇ ਜਾ ਕੇ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਗੱਡੀ ਪਲਟ ਗਈ ਅਤੇ ਰੋਮਾਂਚ ਸੜਕ ‘ਤੇ ਜਾ ਡਿੱਗਿਆ, ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਜਾਨ ਨਹੀਂ ਬਚ ਸਕੀ।

Scroll to Top