ਅਕਾਲੀ–ਭਾਜਪਾ ਕੁਰਸੀ ਲਈ ਕੀਤਾ ਗੱਠਜੋੜ ਪੰਜਾਬ ਲਈ ਘਾਤਕ ਹੋਵੇਗਾ: ਜਥੇਦਾਰ ਸਤਵਿੰਦਰ ਸਿੰਘ ਟੌਹੜਾ
ਪਟਿਆਲਾ, 26 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਆਗੂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਪੰਜਾਬ ਲਈ ਘਾਤਕ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਬਚਾਉਣ ਦੇ ਨਾਂ ਹੇਠ ਇਹ ਕੁਰਸੀ ਹਥਿਆਉਣ ਦਾ ਡਰਾਮਾ ਹੈ, ਜਿਸ ਨੂੰ ਪੰਜਾਬ ਦੇ ਲੋਕ ਪ੍ਰਵਾਨ ਨਹੀਂ ਕਰਨਗੇ।
ਟੌਹੜਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਆਪਣੇ ਸਿਆਸੀ ਸਮਝੌਤੇ ਲਈ ਹਿੰਦੂ–ਸਿੱਖ ਏਕਤਾ ਦੀ ਦੁਹਾਈ ਨਾ ਦੇਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਗੀ ਨਹੀਂ ਕਰਦਾ ਅਤੇ ਭਾਜਪਾ ਵੀ ਸਾਰੇ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵੀ ਇਸੇ ਏਕਤਾ ਦੇ ਨਾਂ ’ਤੇ ਪੰਜਾਬ ਨੂੰ ਲੁੱਟਿਆ ਗਿਆ ਅਤੇ ਸਿੱਖ ਸਿਧਾਂਤਾਂ ਦਾ ਘਾਣ ਕੀਤਾ ਗਿਆ।
ਉਨ੍ਹਾਂ ਭਾਜਪਾ ’ਤੇ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਨੂੰ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ। ਟੌਹੜਾ ਨੇ ਭਾਖੜਾ ਡੈਮ ਦਾ ਮੁੱਦਾ ਵੀ ਚੁੱਕਿਆ ਅਤੇ ਦਾਅਵਾ ਕੀਤਾ ਕਿ ਪੰਜਾਬ ਤੋਂ ਇਸ ਉੱਤੇ ਉਸ ਦਾ ਹੱਕ ਖੋਹਿਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ–ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਬੋਲਬਾਲਾ ਵਧਿਆ ਅਤੇ ਰੇਤ ਮਾਫ਼ੀਆ ਵੀ ਉਸੇ ਸਮੇਂ ਉਭਰਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਕਰਦਿਆਂ ਟੌਹੜਾ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਦਾ ਸਵਾਲ ਅੱਜ ਵੀ ਖੜ੍ਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਰਾਜ ਦੌਰਾਨ ਇਨ੍ਹਾਂ ਪਾਰਟੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾਈ ਅਤੇ ਸਿੱਖਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ। ਟੌਹੜਾ ਨੇ ਕਿਹਾ ਕਿ ਪਿਛਲੇ ਰਾਜ ਦਾ ਹਿਸਾਬ ਦਿੱਤੇ ਬਿਨਾਂ ਪੰਜਾਬ ਨੂੰ ਬਚਾਉਣ ਦੇ ਦਾਅਵਿਆਂ ਨਾਲ ਸੂਬੇ ਦਾ ਕੁਝ ਨਹੀਂ ਸੰਵਰੇਗਾ।ਇਨ੍ਹਾਂ ਦੇ ਰਾਜ ਵਿਚ ਡੇਰਾਵਾਦ ਦਾ ਉਭਾਰ ਹੋਇਆ।