ਹੋਟਲ ਵਿਚ ਭਿਆਨਕ ਅੱਗ ਲੱਗਣ ਕਾਰਨ ਗਈ 9 ਲੋਕਾਂ ਦੀ ਜਾਨ
ਕੋਲਕਾਤਾ, 19 ਅਗਸਤ : ਕੋਲਕਾਤਾ ਦੇ ਇਕ ਹੋਟਲ ਵਿਚ ਅਚਾਨਕ ਅੱਗ ਲਗਣ ਕਾਰਨ 9 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਅੱਗ ਸਵੇਰੇ ਕਰੀਬ 2 ਵਜੇ ਲੱਗੀ। ਹੋਟਲ ਵਿੱਚ ਅੱਗ ਲੱਗਣ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਧੂੰਆਂ ਪੂਰੇ ਅੰਦਰੂਨੀ ਹਿੱਸੇ ਵਿੱਚ ਫੈਲ ਗਿਆ। ਉਸ ਸਮੇਂ ਕਈ ਲੋਕ ਆਪਣੇ ਕਮਰਿਆਂ ਵਿੱਚ ਸੁੱਤੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ।
ਇਹ ਹਾਦਸਾ ਮੱਧ ਕੋਲਕਾਤਾ ਦੀ ਮਿਰਜ਼ਾ ਗਾਲਿਬ ਸਟਰੀਟ ’ਤੇ ਸਥਿਤ ਇੱਕ ਹੋਟਲ ਵਿੱਚ ਵਾਪਰਿਆ। ਮ੍ਰਿਤਕਾਂ ਵਿੱਚ ਬੰਗਲਾਦੇਸ਼ੀ ਨਾਗਰਿਕਾਂ ਦੇ ਸ਼ਾਮਲ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰੀਆਂ ਅਨੁਸਾਰ ਧੂੰਏਂ ਕਾਰਨ ਕਈ ਲੋਕ ਬੇਹੋਸ਼ ਹੋ ਗਏ ਅਤੇ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਈ ਹੋਰ ਲੋਕ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਵਲੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ।