ਹੋਟਲ, ਰੈਸਟੋਰੈਂਟ ਅਤੇ ਰੇਹੜੀ ਮਾਲਕ ਖਾਣਾ ਪਕਾਉਣ ਲਈ ਵਾਰ-ਵਾਰ ਉਹੀ ਤੇਲ ਨਾ ਵਰਤਣ: ਡਾ. ਹਿਮਾਂਸ਼ੂ

ਪਟਿਆਲਾ, 9 ਜੂਨ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਅੰਦਰਲੇ ਸਮੂਹ ਹੋਟਲਾਂ, ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਰੇਹੜੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਖਾਣਾ ਪਕਾਉਣ ਲਈ ਵਰਤੇ ਤੇਲ ਨੂੰ ਤਿੰਨ ਵਾਰ ਤੋਂ ਵੱਧ ਗਰਮ ਕਰਨ ਉਪਰੰਤ ਮੁੜ ਵਰਤੋਂ ਵਿੱਚ ਨਾ ਲਿਆਉਣ। ਇਸ ਸਬੰਧੀ ਉਨ੍ਹਾਂ ਨੇ ਸਿਹਤ ਟੀਮਾਂ ਨੂੰ ਚੈਕਿੰਗ ਦੇ ਵੀ ਨਿਰਦੇਸ਼ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਬਾਰੇ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਜਾਇਜ਼ਾ ਬੈਠਕ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ-ਕਮ-ਫੂਡ ਸੇਫਟੀ ਲਈ ਡੈਜ਼ੀਗਨੇਟਿਡ ਅਫ਼ਸਰ ਡਾ. ਗੁਰਪ੍ਰੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਵਾਰ-ਵਾਰ ਗਰਮ ਕੀਤੇ ਜਾਂਦੇ ਤੇਲ ਤੋਂ ਕੈਂਸਰ ਅਤੇ ਪੇਟ ਦੀਆਂ ਹੋਰ ਗੰਭੀਰ ਬਿਮਾਰੀਆਂ ਦੇ ਖ਼ਤਰੇ ਬਾਰੇ ਖਾਣ-ਪੀਣ ਦਾ ਕਾਰੋਬਾਰ ਕਰਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ। ਉਨ੍ਹਾਂ ਕਿਹਾ ਕਿ ਵਾਰ-ਵਾਰ ਗਰਮ ਕੀਤੇ ਤੇਲ ਵਿੱਚ ਹਾਨੀਕਾਰਕ ਤੱਤ ਪੈਦਾ ਹੋ ਜਾਂਦੇ ਹਨ, ਜੋ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।
ਕਮੇਟੀ ਦੇ ਗੈਰ-ਸਰਕਾਰੀ ਮੈਂਬਰਾਂ ਵੱਲੋਂ ਇੱਕ ਵਾਰ ਵਰਤੇ ਤੇਲ ਦੀ ਮੁੜ ਵਰਤੋਂ ਰੋਕਣ ਦਾ ਮੁੱਦਾ ਉਠਾਏ ਜਾਣ ’ਤੇ ਡਾ. ਹਿਮਾਂਸ਼ੂ ਅਗਰਵਾਲ ਨੇ ਫੂਡ ਸੇਫਟੀ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਅਜਿਹੀ ਪ੍ਰਣਾਲੀ ਵਿਕਸਤ ਕੀਤੀ ਜਾਵੇ ਜਿਸ ਰਾਹੀਂ ਵਰਤਿਆ ਤੇਲ ਖਾਣ-ਪੀਣ ਦੀ ਬਜਾਏ ਸਾਬਣ ਜਾਂ ਹੋਰ ਉਦਯੋਗਿਕ ਉਦੇਸ਼ਾਂ ਲਈ ਵਰਤਿਆ ਜਾ ਸਕੇ ਅਤੇ ਇਸ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਵੀ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਨੂੰ ਵਿਰਾਸਤੀ ਭੋਜਨ ਵਾਲੇ ਫੂਡ ਸਿਟੀ ਵਜੋਂ ਵਿਕਸਤ ਕਰਨ ਲਈ ਇੱਥੇ ਦੇ ਮਸ਼ਹੂਰ ਖਾਣਿਆਂ ਅਤੇ ਖਾਣ-ਪੀਣ ਵਾਲੀਆਂ ਪ੍ਰਸਿੱਧ ਥਾਵਾਂ ਬਾਰੇ ਇੱਕ ਵਿਸ਼ੇਸ਼ ਕੌਫ਼ੀ ਟੇਬਲ ਬੁੱਕ ਛਾਪਣ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੀ ਵੀ ਹਦਾਇਤ ਕੀਤੀ।
ਡਾ. ਹਿਮਾਂਸ਼ੂ ਅਗਰਵਾਲ ਨੇ ਫੂਡ ਸੇਫਟੀ ਵਿਭਾਗ ਅਤੇ ਨਗਰ ਨਿਗਮ ਦੀ ਟੀਮ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਖਾਣ-ਪੀਣ ਵਾਲੀਆਂ ਰੇਹੜੀਆਂ ਲਈ ਇੱਕ ਫੂਡ ਸਟਰੀਟ ਬਣਾਉਣ ਸਬੰਧੀ ਕਾਰਵਾਈ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਅਦਾਲਤੀ ਕੇਸਾਂ ਅਤੇ ਜੁਰਮਾਨਿਆਂ ਸਮੇਤ ਫੂਡ ਸੇਫਟੀ ਆਨ ਵੀਲਜ਼, ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ, ਭੋਜਨ ਪਦਾਰਥਾਂ ਦੀ ਸੈਂਪਲਿੰਗ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਵੀ ਜਾਇਜ਼ਾ ਲਿਆ।
ਬੈਠਕ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਬੀਤੇ ਮਹੀਨੇ ਦੌਰਾਨ ਖਾਧ ਸੁਰੱਖਿਆ ਲਈ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਅੰਦਰ ਲੋਕਾਂ ਨੂੰ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਇਸ ਮੌਕੇ ਸਲਾਹਕਾਰ ਕਮੇਟੀ ਮੈਂਬਰ ਆਰ.ਸੀ. ਮਹਾਜਨ ਅਤੇ ਐਮ.ਡੀ. ਜੱਗੀ ਸਵੀਟਸ ਗੁਰਮੀਤ ਸਿੰਘ, ਫੂਡ ਸੇਫਟੀ ਅਫ਼ਸਰ ਡਾ. ਤਰੁਣ ਬਾਂਸਲ ਅਤੇ ਗੌਰਵ ਕੁਮਾਰ, ਡਿਪਟੀ ਡੀ.ਈ.ਓ. ਮਨਵਿੰਦਰ ਕੌਰ ਭੁੱਲਰ, ਪੁਲਿਸ ਵਿਭਾਗ ਤੋਂ ਇੰਸਪੈਕਟਰ ਆਲਮਜੀਤ ਸਿੰਘ ਸਿੱਧੂ, ਨਗਰ ਨਿਗਮ ਤੋਂ ਦਰਪਨ ਕੁਮਾਰ, ਖੁਰਾਕ ਤੇ ਸਿਵਲ ਸਪਲਾਈਜ਼, ਖੇਤੀਬਾੜੀ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
Scroll to Top