ਚੰਡੀਗੜ੍ਹ, 13 ਜੂਨ 2026 : ਹਰਿਆਣਾ ਦਾ ਸਿਵਲ ਹਸਪਤਾਲ ਹੁਣ ਜਲਦ ਹੀ 300 ਬਿਸਤਰਿਆਂ ਨਾਲ ਅਪਗ੍ਰੇਡ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਸਰਕਾਰ ਨੇ ਮੰਜੂਰੀ ਵੀ ਦੇ ਦਿਤੀ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਦੋ ਮਹੱਤਵਪੂਰਨ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਤਹਿਤ ਸੋਨੀਪਤ ਦੇ 200 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਦੀ ਸਮਰੱਥਾ ਵਧਾ ਕੇ 300 ਬਿਸਤਰਿਆਂ ਦੀ ਕੀਤੀ ਜਾਵੇਗੀ, ਜਦਕਿ ਹਿਸਾਰ ਜ਼ਿਲ੍ਹੇ ਦੇ ਪਨੀਹਾਰ ਚੱਕ ਖੇਤਰ ਵਿੱਚ ਇੱਕ ਨਵਾਂ ਉਪ-ਸਿਹਤ ਕੇਂਦਰ ਸਥਾਪਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ ਇਹ ਦੋਵੇਂ ਫੈਸਲੇ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸਮੇਂ ਸਿਰ ਅਤੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਦਾ ਟੀਚਾ ਹਰ ਨਾਗਰਿਕ ਤੱਕ ਉੱਚ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਸੋਨੀਪਤ ਹਸਪਤਾਲ ਦੇ ਵਿਸਥਾਰ ਦਾ ਐਲਾਨ ਪਹਿਲਾਂ ਹੀ ਬਜਟ ਸੈਸ਼ਨ ਦੌਰਾਨ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਅਧਿਕਾਰਕ ਮਨਜ਼ੂਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬਿਸਤਰਿਆਂ ਦੀ ਗਿਣਤੀ ਵਧਣ ਨਾਲ ਮਰੀਜ਼ਾਂ ਨੂੰ ਇਲਾਜ ਲਈ ਵਧੀਆ ਸਹੂਲਤਾਂ ਮਿਲਣਗੀਆਂ ਅਤੇ ਹਸਪਤਾਲ ‘ਤੇ ਵੱਧ ਰਹੇ ਦਬਾਅ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਨਵੇਂ ਵਾਰਡਾਂ ਦੀ ਉਸਾਰੀ, ਆਧੁਨਿਕ ਡਾਕਟਰੀ ਸਾਜ਼ੋ-ਸਾਮਾਨ ਦੀ ਉਪਲਬਧਤਾ ਅਤੇ ਵਾਧੂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਭਰਤੀ ਦਾ ਰਾਹ ਵੀ ਖੁੱਲੇਗਾ।