ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਰੋਕਿਆ
ਦਿੱਲੀ, 11 ਸਤੰਬਰ : ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਹੀ ਰੋਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਇਨਾ ਜਥੇ ਦੇ ਮੈਬਰਾਂ ਕੋਲੋ ਐਨਓਸੀ ਮੰਗੀ ਗਈ ਹੈ। ਇਸ ਸਬੰਧੀ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਭਾਰਤ ਯਾਤਰਾ ਦੌਰਾਨ ਉਨ੍ਹਾਂ ਕੋਲੋਂ ਕਦੇ ਵੀ ਅਜਿਹੇ ਸਰਟੀਫਿਕੇਟ ਦੀ ਮੰਗ ਨਹੀਂ ਕੀਤੀ ਗਈ। ਇਸ ਕਾਰਨ ਜੱਥੇ ਨੂੰ ਹਵਾਈ ਅੱਡੇ ’ਤੇ ਹੀ ਰੋਕ ਲਿਆ ਗਿਆ ਅਤੇ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋ ਗਈ ।
ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਹੋਣ ਤੋਂ ਰੋਕ ਦਿੱਤਾ ਗਿਆ। ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜੱਥੇ ਦੇ ਮੈਂਬਰਾਂ ਤੋਂ ਯਾਤਰਾ ਤੋਂ ਪਹਿਲਾਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (NOC) ਪੇਸ਼ ਕਰਨ ਦੀ ਮੰਗ ਕੀਤੀ। ਜਥੇ ਨੇ ਸ਼ੁੱਕਰਵਾਰ ਸਵੇਰੇ ਕਰੀਬ 2:10 ਵਜੇ ਫੈਸਲਾਬਾਦ ਤੋਂ ਸ਼ਾਰਜਾਹ ਲਈ ਉਡਾਣ ਭਰਨੀ ਸੀ। ਇਸਤੋਂ ਬਾਅਦ ਉਨ੍ਹਾਂ ਨੇ ਸ਼ਾਰਜਾਹ ਤੋਂ ਦਿੱਲੀ ਪਹੁੰਚਣਾ ਸੀ ਪਰ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੋਕ ਲਏ ਜਾਣ ਕਾਰਨ ਉਹ ਆਪਣੀ ਨਿਰਧਾਰਤ ਉਡਾਣ ਵਿੱਚ ਸਵਾਰ ਨਹੀਂ ਹੋ ਸਕੇ।